ਪੰਜਾਬ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਬਿਜਲੀ ਸੰਕਟ ਅਤੇ ਲਗਾਤਾਰ ਕੱਟਾਂ ਨੂੰ ਲੈ ਕੇ ਵਧ ਰਹੇ ਰੋਸ ਦਰਮਿਆਨ ਸੂਬਾ ਸਰਕਾਰ ਨੇ ਬਿਜਲੀ ਵਿਭਾਗ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਹੈ। ਸਰਕਾਰ ਨੇ ਬਸੰਤ ਗਰਗ ਨੂੰ PSPCL ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਕੇ ਉਦਯੋਗ ਅਤੇ ਵਪਾਰ ਵਿਭਾਗ ਵਿੱਚ ਪ੍ਰਸ਼ਾਸਕੀ ਸਕੱਤਰ ਵਜੋਂ ਤਾਇਨਾਤ ਕੀਤਾ ਹੈ।
ਗੁਰਕੀਰਤ ਕਿਰਪਾਲ ਸਿੰਘ ਨੂੰ PSPCL ਦੇ ਨਾਲ PSTCL ਦੇ CMD ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਇਹ ਤਬਦੀਲੀ ਉਸ ਵੇਲੇ ਹੋਈ ਹੈ ਜਦੋਂ ਸੂਬੇ ਵਿੱਚ ਘਰੇਲੂ ਖਪਤਕਾਰਾਂ, ਕਿਸਾਨਾਂ ਅਤੇ ਉਦਯੋਗਾਂ ਵੱਲੋਂ ਬਿਜਲੀ ਸਪਲਾਈ ਵਿੱਚ ਰੁਕਾਵਟਾਂ ਨੂੰ ਲੈ ਕੇ ਸ਼ਿਕਾਇਤਾਂ ਅਤੇ ਵਿਰੋਧ ਵਧ ਰਹੇ ਸਨ।
ਰਿਪੋਰਟ ਮੁਤਾਬਕ ਪੰਜਾਬ ਦੀ ਬਿਜਲੀ ਮੰਗ ਸੋਮਵਾਰ ਨੂੰ ਕਰੀਬ 17,400 ਮੈਗਾਵਾਟ ਤੱਕ ਪਹੁੰਚ ਗਈ। ਦਿਨ ਦੇ ਸਮੇਂ ਸੂਰਜੀ ਉਤਪਾਦਨ ਕਾਰਨ ਸਥਿਤੀ ਕੁਝ ਹੱਦ ਤੱਕ ਸੰਭਾਲੀ ਗਈ, ਪਰ ਸ਼ਾਮ ਦੇ ਸਮੇਂ ਵਧਦੀ ਮੰਗ ਅਤੇ ਘੱਟ ਰਹੇ ਕੋਲੇ ਦੇ ਭੰਡਾਰ ਕਾਰਨ ਸਪਲਾਈ ਉੱਤੇ ਦਬਾਅ ਬਣਿਆ ਰਿਹਾ।
ਇਸ ਦੌਰਾਨ ਸਰਕਾਰ ਵੱਲੋਂ ਕਿਹਾ ਗਿਆ ਕਿ ਸੂਬੇ ਦੇ ਥਰਮਲ ਪਾਵਰ ਪਲਾਂਟਾਂ ਦੀਆਂ ਇਕਾਈਆਂ ਮੁੜ ਚਾਲੂ ਹੋਣ ਨਾਲ ਹਾਲਾਤ ਵਿੱਚ ਸੁਧਾਰ ਆਇਆ ਹੈ। ਪਾਵਰ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਨੇ ਵੀ ਦਾਅਵਾ ਕੀਤਾ ਕਿ ਦੋ ਨਿੱਜੀ ਪਲਾਂਟਾਂ ਦੇ ਮੁੜ ਚਾਲੂ ਹੋਣ ਤੋਂ ਬਾਅਦ ਬਿਜਲੀ ਸਪਲਾਈ ਵਿੱਚ ਰਾਹਤ ਮਿਲੀ ਹੈ ਅਤੇ ਖੇਤੀਬਾੜੀ ਖੇਤਰ ਲਈ ਸਪਲਾਈ ਨੂੰ ਵੀ ਵਧਾਇਆ ਗਿਆ ਹੈ।
ਹਾਲਾਂਕਿ ਵਿਰੋਧੀ ਧਿਰਾਂ ਅਤੇ ਉਦਯੋਗਿਕ ਸੰਗਠਨਾਂ ਵੱਲੋਂ ਸਰਕਾਰ ਦੀ ਤਿਆਰੀ ਉੱਤੇ ਸਵਾਲ ਉਠਾਏ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਨਵੇਂ ਪ੍ਰਸ਼ਾਸਕੀ ਪ੍ਰਬੰਧ ਹੇਠ PSPCL ਵੱਲੋਂ ਵਧਦੀ ਮੰਗ, ਕੋਲੇ ਦੀ ਉਪਲਬਧਤਾ ਅਤੇ ਖੇਤੀਬਾੜੀ ਤੇ ਉਦਯੋਗਿਕ ਖੇਤਰ ਦੀਆਂ ਲੋੜਾਂ ਵਿਚਕਾਰ ਸੰਤੁਲਨ ਬਣਾਉਣਾ ਵੱਡੀ ਚੁਣੌਤੀ ਰਹੇਗਾ।
