ਚੰਡੀਗੜ੍ਹ ਦੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਰੈਡੀਸਨ ਬਲੂ ਹੋਟਲ ਗੋਰਖਪੁਰ ਨੂੰ ਰਿਟਾਇਰਡ IPS ਅਧਿਕਾਰੀ ਨੂੰ ₹15,000 ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਮਾਮਲਾ ਹੋਟਲ ਦੇ ਬਾਥਰੂਮ ਵਿੱਚ ਤਾਲਾ ਖਰਾਬ ਹੋਣ ਕਾਰਨ ਅਧਿਕਾਰੀ ਦੇ ਲੰਬੇ ਸਮੇਂ ਤੱਕ ਅੰਦਰ ਫਸੇ ਰਹਿਣ ਨਾਲ ਸਬੰਧਤ ਹੈ।
ਇਹ ਸ਼ਿਕਾਇਤ ਸੈਕਟਰ 19-ਬੀ, ਚੰਡੀਗੜ੍ਹ ਵਾਸੀ ਰਿਟਾਇਰਡ IPS ਅਧਿਕਾਰੀ ਆਲੋਕ ਕੁਮਾਰ ਰਾਏ ਵੱਲੋਂ ਦਾਇਰ ਕੀਤੀ ਗਈ ਸੀ।
ਬਾਥਰੂਮ ਦਾ ਲਾਕ ਹੋਇਆ ਖਰਾਬ
ਸ਼ਿਕਾਇਤ ਅਨੁਸਾਰ ਆਲੋਕ ਕੁਮਾਰ ਰਾਏ ਫਰਵਰੀ 2026 ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗੋਰਖਪੁਰ ਗਏ ਸਨ। ਉਨ੍ਹਾਂ ਨੇ 8 ਫਰਵਰੀ 2026 ਨੂੰ ਇੱਕ ਰਾਤ ਲਈ ਰੈਡੀਸਨ ਬਲੂ ਹੋਟਲ ਵਿੱਚ ਕਮਰਾ ਬੁੱਕ ਕੀਤਾ, ਜਿਸ ਲਈ ਉਨ੍ਹਾਂ ਵੱਲੋਂ ₹15,340 ਅਦਾ ਕੀਤੇ ਗਏ ਸਨ।
ਠਹਿਰਾਅ ਦੌਰਾਨ ਬਾਥਰੂਮ ਦੀ ਵਰਤੋਂ ਕਰਦੇ ਸਮੇਂ ਦਰਵਾਜ਼ੇ ਦਾ ਲਾਕ ਖਰਾਬ ਹੋ ਗਿਆ ਅਤੇ ਉਹ ਅੰਦਰ ਫਸ ਗਏ।
ਬਾਥਰੂਮ ਵਿੱਚ ਫ਼ੋਨ ਸੀ, ਪਰ ਹੋਟਲ ਦੇ ਨੰਬਰ ਨਹੀਂ
ਸ਼ਿਕਾਇਤਕਰਤਾ ਨੇ ਕਿਹਾ ਕਿ ਬਾਥਰੂਮ ਵਿੱਚ ਇੱਕ ਫ਼ੋਨ ਤਾਂ ਮੌਜੂਦ ਸੀ ਪਰ ਉਸ ਦੇ ਨਾਲ ਹੋਟਲ ਦੀ ਡਾਇਰੈਕਟਰੀ ਜਾਂ ਸੰਪਰਕ ਨੰਬਰਾਂ ਦੀ ਸੂਚੀ ਨਹੀਂ ਸੀ। ਇਸ ਕਾਰਨ ਉਨ੍ਹਾਂ ਨੂੰ ਵੱਖ-ਵੱਖ ਨੰਬਰ ਡਾਇਲ ਕਰਕੇ ਮਦਦ ਲੈਣ ਦੀ ਕੋਸ਼ਿਸ਼ ਕਰਨੀ ਪਈ।
ਆਖ਼ਰਕਾਰ ਫ਼ੋਨ ਰਾਹੀਂ ਉਨ੍ਹਾਂ ਦਾ ਸੰਪਰਕ ਹੋਟਲ ਦੇ ਸਟਾਫ਼ ਨਾਲ ਹੋਇਆ ਅਤੇ ਸਟਾਫ਼ ਨੇ ਉਨ੍ਹਾਂ ਨੂੰ ਬਾਥਰੂਮ ਵਿੱਚੋਂ ਬਾਹਰ ਕੱਢਿਆ।
ਰਾਏ ਨੇ ਦਾਅਵਾ ਕੀਤਾ ਕਿ ਇਸ ਘਟਨਾ ਕਾਰਨ ਉਹ ਸਮਾਗਮ ਵਿੱਚ ਤਿੰਨ ਘੰਟਿਆਂ ਤੋਂ ਵੱਧ ਦੇਰੀ ਨਾਲ ਪਹੁੰਚੇ ਅਤੇ ਉਨ੍ਹਾਂ ਨੂੰ ਕਾਫ਼ੀ ਮਾਨਸਿਕ ਪਰੇਸ਼ਾਨੀ ਅਤੇ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ।
ਹੋਟਲ ਖ਼ਿਲਾਫ਼ ਹੋਈ Ex Parte ਕਾਰਵਾਈ
ਸ਼ਿਕਾਇਤਕਰਤਾ ਨੇ ਕਮਿਸ਼ਨ ਨੂੰ ਇਹ ਵੀ ਦੱਸਿਆ ਕਿ ਉਸ ਵੱਲੋਂ ਕੰਪਨੀ ਨੂੰ ਈਮੇਲ ਭੇਜੀ ਗਈ ਸੀ ਅਤੇ ਕੰਪਨੀ ਨੇ ਕਥਿਤ ਤੌਰ ’ਤੇ ਘਟਨਾ ਲਈ ਮੁਆਫ਼ੀ ਵੀ ਮੰਗੀ ਸੀ।
ਹਾਲਾਂਕਿ ਨੋਟਿਸ ਜਾਰੀ ਹੋਣ ਦੇ ਬਾਵਜੂਦ ਹੋਟਲ ਅਤੇ ਕੰਪਨੀ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ 18 ਮਈ ਨੂੰ ਉਨ੍ਹਾਂ ਖ਼ਿਲਾਫ਼ Ex Parte ਕਾਰਵਾਈ ਕੀਤੀ ਗਈ।
ਕਮਿਸ਼ਨ ਨੇ ਮੰਨੀ ਸੇਵਾ ਵਿੱਚ ਕਮੀ
ਮਾਮਲੇ ਦੀ ਸੁਣਵਾਈ ਤੋਂ ਬਾਅਦ ਕਮਿਸ਼ਨ ਨੇ ਕਿਹਾ ਕਿ ਰਿਕਾਰਡ ਵਿੱਚ ਮੌਜੂਦ ਗੱਲਬਾਤ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਹੋਟਲ ਵੱਲੋਂ ਘਟਨਾ ਲਈ ਮੁਆਫ਼ੀ ਮੰਗੀ ਗਈ ਸੀ ਅਤੇ ਘਟਨਾ ਨੂੰ ਸਵੀਕਾਰ ਕੀਤਾ ਗਿਆ ਸੀ।
ਪਰ ਅਜਿਹਾ ਕੋਈ ਸਬੂਤ ਰਿਕਾਰਡ ’ਤੇ ਨਹੀਂ ਸੀ ਕਿ ਹੋਟਲ ਨੇ ਬਾਥਰੂਮ ਵਿੱਚ ਫਸੇ ਰਹਿਣ ਕਾਰਨ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪਰੇਸ਼ਾਨੀ ਅਤੇ ਦੁੱਖ ਲਈ ਮੁਆਵਜ਼ਾ ਦਿੱਤਾ ਹੋਵੇ।
ਕਮਿਸ਼ਨ ਨੇ ਇਸ ਨੂੰ ਸੇਵਾ ਵਿੱਚ ਕਮੀ (Deficiency in Service) ਮੰਨਦਿਆਂ ਹੋਟਲ ਨੂੰ ਸ਼ਿਕਾਇਤਕਰਤਾ ਨੂੰ ₹15,000 ਦੀ ਇਕਮੁਸ਼ਤ ਰਕਮ ਮੁਆਵਜ਼ੇ ਵਜੋਂ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ।

