June 23, 2026
#Tricity News

ਸਰਬਜੀਤ ਸਿੰਘ ਸਮਾਣਾ ਬਣੇ ਮੋਹਾਲੀ ਦੇ ਨਵੇਂ ਮੇਅਰ, ਆਰ.ਪੀ. ਸ਼ਰਮਾ ਸੀਨੀਅਰ ਡਿਪਟੀ ਮੇਅਰ ਤੇ ਹਰਪਾਲ ਚੰਨਾ ਡਿਪਟੀ ਮੇਅਰ ਚੁਣੇ ਗਏ

ਮੋਹਾਲੀ ਨਗਰ ਨਿਗਮ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਮੋਹਾਲੀ ਦਾ ਨਵਾਂ ਮੇਅਰ ਚੁਣਿਆ ਗਿਆ। ਇਸ ਦੇ ਨਾਲ ਹੀ ਆਰ.ਪੀ. ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਹਰਪਾਲ ਚੰਨਾ ਨੂੰ ਡਿਪਟੀ ਮੇਅਰ ਚੁਣਿਆ ਗਿਆ।

ਮੋਹਾਲੀ ਨਗਰ ਨਿਗਮ ਹਾਊਸ ਵਿੱਚ ਹੋਈ ਇਸ ਚੋਣ ਦੌਰਾਨ ਸਾਰੇ ਹੀ ਚੁਣੇ ਗਏ ਆਗੂ ਪਹਿਲਾਂ ਕਈ ਵਾਰ ਕੌਂਸਲਰ ਰਹਿ ਚੁੱਕੇ ਹਨ, ਪਰ ਉੱਚ ਅਹੁਦਿਆਂ ‘ਤੇ ਇਹ ਉਹਨਾਂ ਦੀ ਪਹਿਲੀ ਪਾਰੀ ਹੈ। ਨਵੇਂ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਲਗਾਤਾਰ ਤੀਜੀ ਵਾਰ ਕੌਂਸਲਰ ਚੋਣ ਜਿੱਤ ਕੇ ਹੈਟ੍ਰਿਕ ਬਣਾਈ ਹੈ।

ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਕੁਲਵੰਤ ਸਿੰਘ ਮੋਹਾਲੀ ਦੇ ਪਹਿਲੇ ਮੇਅਰ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਇਸ ਤਰ੍ਹਾਂ ਮੋਹਾਲੀ ਦੀ ਸਿਆਸਤ ਵਿੱਚ ਇਹ ਪਰਿਵਾਰ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਿਆ ਹੈ।

ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਚੋਣ ਦਾ ਬਾਈਕਾਟ ਕੀਤਾ ਗਿਆ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੌਂਸਲਰ ਨੇ ਵੀ ਵਾਕਆਊਟ ਕੀਤਾ। ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਪੂਰਾ ਕਰਨ ਲਈ ਪ੍ਰਸ਼ਾਸਨ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਹਾਊਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਾਰੇ ਕੌਂਸਲਰਾਂ ਨੂੰ ਆਪਣੇ ਮੋਬਾਈਲ ਫੋਨ ਗੇਟ ‘ਤੇ ਜਮ੍ਹਾਂ ਕਰਵਾਉਣੇ ਪਏ ਅਤੇ ਐਂਟਰੀ ਰਿਕਾਰਡ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਸਦਨ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।