ਗੁਰਦਾਸਪੁਰ: Anupreet Kaur Randhawa ਨੂੰ ਪੱਟੀ ਪੁਲਿਸ ਵੱਲੋਂ ਅੱਜ ਸਵੇਰੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਇਸ ਵੇਲੇ ਗੁਰਦਾਸਪੁਰ ਵਿੱਚ ਐਸਡੀਐਮ ਵਜੋਂ ਤਾਇਨਾਤ ਸਨ ਅਤੇ ਨਗਰ ਕੌਂਸਲ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ।
ਇਹ ਗ੍ਰਿਫ਼ਤਾਰੀ ਜੰਮੂ-ਕਸ਼ਮੀਰ-ਰਾਜਸਥਾਨ ਨੈਸ਼ਨਲ ਹਾਈਵੇਅ ਲਈ ਐਕੁਆਇਰ ਕੀਤੀ ਗਈ ਜ਼ਮੀਨ ਵਿੱਚ ਕਥਿਤ ਗਬਨ ਮਾਮਲੇ ਨਾਲ ਜੁੜੀ ਹੋਈ ਹੈ। ਸੂਤਰਾਂ ਅਨੁਸਾਰ, ਇਸ ਮਾਮਲੇ ਵਿੱਚ ਕਰੀਬ 1 ਕਰੋੜ 63 ਲੱਖ ਰੁਪਏ ਦੀ ਹੇਰਾਫੇਰੀ ਦੇ ਦੋਸ਼ ਹਨ।
ਜਾਣਕਾਰੀ ਮੁਤਾਬਕ, 2018 ਵਿੱਚ ਪੱਟੀ ਦੇ ਤਤਕਾਲੀ ਐਸਡੀਐਮ Navraj Singh Brar ਵੱਲੋਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਲਜ਼ਾਮ ਸੀ ਕਿ ਨੈਸ਼ਨਲ ਹਾਈਵੇਅ-54 ਲਈ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੀ ਰਕਮ ਪੰਜ ਅਜਿਹੇ ਵਿਅਕਤੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ, ਜਿਨ੍ਹਾਂ ਦਾ ਜ਼ਮੀਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਪੁਲਿਸ ਜਾਂਚ ਅਨੁਸਾਰ, ₹1.63 ਕਰੋੜ ਦੀ ਰਕਮ ਜਸਬੀਰ ਕੌਰ, ਰਾਜਵਿੰਦਰ ਕੌਰ, ਸਰਤਾਜ ਸਿੰਘ, ਬਿਕਰਮਜੀਤ ਸਿੰਘ ਅਤੇ ਗੁਰਜੀਤ ਕੌਰ ਦੇ ਖਾਤਿਆਂ ਵਿੱਚ ਭੇਜੀ ਗਈ। ਮਾਲ ਵਿਭਾਗ ਦੇ ਰਿਕਾਰਡ ਵਿੱਚ ਇਨ੍ਹਾਂ ਵਿਅਕਤੀਆਂ ਦੀ ਜ਼ਮੀਨ ਦਾ ਕੋਈ ਰਿਕਾਰਡ ਨਹੀਂ ਮਿਲਿਆ।
ਇਸ ਮਾਮਲੇ ਵਿੱਚ 5 ਸਤੰਬਰ 2019 ਨੂੰ ਪੱਟੀ ਸਿਟੀ ਥਾਣੇ ਵਿੱਚ IPC ਦੀਆਂ ਧਾਰਾਵਾਂ 419, 420, 409 ਅਤੇ 120B ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਫੰਡ ਐਸਡੀਐਮ ਅਨੁਪ੍ਰੀਤ ਕੌਰ ਦੇ ਦਸਤਖ਼ਤਾਂ ਤੋਂ ਬਾਅਦ ਜਾਰੀ ਕੀਤੇ ਗਏ ਸਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਅਨੁਪ੍ਰੀਤ ਕੌਰ ਨੂੰ ਮੁਅੱਤਲ ਵੀ ਕੀਤਾ ਗਿਆ ਸੀ। ਹੁਣ ਪੱਟੀ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

