ਸੋਨੀਪਤ: ਹਰਿਆਣਾ ਦੇ ਸੋਨੀਪਤ ਤੋਂ ਸਾਹਮਣੇ ਆਈ ਇੱਕ ਘਟਨਾ ਨੇ ਰਿਸ਼ਤਿਆਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਇੱਕ ਬਜ਼ੁਰਗ ਪਿਤਾ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਧੀਆਂ ਦੇ ਭਵਿੱਖ ਲਈ ਸਮਰਪਿਤ ਕਰ ਦਿੱਤੀ, ਦੇ ਅੰਤਿਮ ਸੰਸਕਾਰ ਵਿੱਚ ਉਸ ਦੀਆਂ ਤਿੰਨੋਂ ਧੀਆਂ ਸਰੀਰਕ ਤੌਰ ’ਤੇ ਮੌਜੂਦ ਨਾ ਹੋਈਆਂ ਅਤੇ ਵੀਡੀਓ ਕਾਲ ਰਾਹੀਂ ਹੀ ਵਿਦਾਈ ਦਿੱਤੀ।
ਜਾਣਕਾਰੀ ਅਨੁਸਾਰ, ਸ਼ਿਵਚਰਨ ਰਾਮ ਰਤਨ ਗੁਪਤਾ, ਜੋ ਪਹਿਲਾਂ ਮੁੰਬਈ ਵਿੱਚ ਟੈਕਸਟਾਈਲ ਕਾਰੋਬਾਰ ਨਾਲ ਜੁੜੇ ਹੋਏ ਸਨ, ਪਿਛਲੇ ਕਰੀਬ ਡੇਢ ਸਾਲ ਤੋਂ ਸੋਨੀਪਤ ਦੇ ਇੱਕ ਬਿਰਧ ਆਸ਼ਰਮ ਵਿੱਚ ਰਹਿ ਰਹੇ ਸਨ। ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਬਿਰਧ ਆਸ਼ਰਮ ਪ੍ਰਬੰਧਨ ਨੇ ਉਨ੍ਹਾਂ ਦੀਆਂ ਤਿੰਨੋਂ ਧੀਆਂ ਨੂੰ ਮੌਤ ਦੀ ਸੂਚਨਾ ਦਿੱਤੀ ਅਤੇ ਅੰਤਿਮ ਸੰਸਕਾਰ ਲਈ ਪਹੁੰਚਣ ਦੀ ਬੇਨਤੀ ਕੀਤੀ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਵੱਖ-ਵੱਖ ਕਾਰਨਾਂ ਕਰਕੇ ਉਹ ਸੋਨੀਪਤ ਨਹੀਂ ਆ ਸਕਣਗੀਆਂ ਅਤੇ ਸਸਕਾਰ ਦੀ ਕਾਰਵਾਈ ਵੀਡੀਓ ਕਾਲ ਰਾਹੀਂ ਹੀ ਦੇਖਣਗੀਆਂ।
ਇਸ ਤੋਂ ਬਾਅਦ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਜ਼ੁਰਗ ਦਾ ਅੰਤਿਮ ਸੰਸਕਾਰ ਕੀਤਾ ਗਿਆ। ਧੀਆਂ ਨੇ ਆਨਲਾਈਨ ਰਾਹੀਂ ਰਸਮਾਂ ਦੇਖੀਆਂ ਅਤੇ ਬਾਅਦ ਵਿੱਚ ਸਸਕਾਰ ਦੀ ਵੀਡੀਓ ਵੀ ਮੰਗੀ। ਪਰਿਵਾਰ ਦੀ ਬੇਨਤੀ ’ਤੇ ਅਸਥੀਆਂ ਦੇ ਵਿਸਰਜਨ ਦੀ ਜ਼ਿੰਮੇਵਾਰੀ ਵੀ ਆਸ਼ਰਮ ਪ੍ਰਬੰਧਨ ਨੂੰ ਸੌਂਪੀ ਗਈ।
ਆਸ਼ਰਮ ਪ੍ਰਬੰਧਨ ਦੇ ਅਨੁਸਾਰ, ਸ਼ਿਵਚਰਨ ਗੁਪਤਾ ਆਪਣੀਆਂ ਧੀਆਂ ਦੀ ਪੜ੍ਹਾਈ ਅਤੇ ਸਫ਼ਲਤਾ ’ਤੇ ਮਾਣ ਕਰਦੇ ਸਨ। ਉਨ੍ਹਾਂ ਨੇ ਆਪਣੀ ਪੂਰੀ ਉਮਰ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਭਵਿੱਖ ਦੇਣ ਲਈ ਸਮਰਪਿਤ ਕੀਤੀ ਸੀ। ਉਨ੍ਹਾਂ ਦੀਆਂ ਤਿੰਨੋਂ ਧੀਆਂ ਅੱਜ ਆਪਣੇ-ਆਪਣੇ ਪਰਿਵਾਰਾਂ ਨਾਲ ਵੱਖ-ਵੱਖ ਸ਼ਹਿਰਾਂ ਅਤੇ ਦੇਸ਼ ਵਿੱਚ ਰਹਿ ਰਹੀਆਂ ਹਨ।
ਇਸ ਮਾਮਲੇ ਦਾ ਇੱਕ ਹੋਰ ਮਨੁੱਖੀ ਪੱਖ ਇਹ ਵੀ ਰਿਹਾ ਕਿ ਪਰਿਵਾਰ ਦੀ ਇੱਛਾ ਅਨੁਸਾਰ ਸ਼ਿਵਚਰਨ ਗੁਪਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ, ਤਾਂ ਜੋ ਉਹ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਰੌਸ਼ਨੀ ਬਣ ਸਕਣ।

