August 13, 2026
#Haryana News

ਯਮੁਨਾਨਗਰ ‘ਚ ਪੰਜਾਬ ਦੇ ਸਰਾਫਾ ਕਾਰੋਬਾਰੀ ਤੋਂ 3 ਕਰੋੜ ਦਾ ਸੋਨਾ ਲੁੱਟਿਆ

ਯਮੁਨਾਨਗਰ: ਹਰਿਆਣਾ ਦੇ ਯਮੁਨਾਨਗਰ ਵਿੱਚ ਦਿਨ-ਦਿਹਾੜੇ ਪੰਜਾਬ ਦੇ ਇੱਕ ਸਰਾਫਾ ਕਾਰੋਬਾਰੀ ਨਾਲ ਕਰੀਬ ਤਿੰਨ ਕਰੋੜ ਰੁਪਏ ਦੇ ਸੋਨੇ ਦੀ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਪੀੜਤ ਕਾਰੋਬਾਰੀ ਆਪਣੇ ਪੁੱਤਰ ਨਾਲ ਅੰਮ੍ਰਿਤਸਰ ਤੋਂ ਯਮੁਨਾਨਗਰ ਦੇ ਇੱਕ ਜਿਊਲਰੀ ਸ਼ੋਰੂਮ ਵਿੱਚ ਕਰੀਬ ਦੋ ਕਿਲੋ ਸੋਨੇ ਦੇ ਰਾਅ ਮਟੀਰੀਅਲ ਦੀ ਸਪਲਾਈ ਦੇਣ ਆਏ ਸਨ।

ਜਾਣਕਾਰੀ ਅਨੁਸਾਰ ਜਦੋਂ ਪਿਓ-ਪੁੱਤ ਭੰਭੋਲੀ ਖੇਤਰ ਨੇੜੇ ਪਹੁੰਚੇ ਤਾਂ ਮੋਟਰਸਾਈਕਲ ‘ਤੇ ਆਏ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ। ਇੱਕ ਲੁਟੇਰੇ ਨੇ ਕਾਰੋਬਾਰੀ ਦੇ ਪੁੱਤਰ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ, ਜਦਕਿ ਦੂਜੇ ਨੇ ਚਾਕੂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਸੋਨੇ ਨਾਲ ਭਰਿਆ ਬੈਗ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਸੀਆਈਏ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲੀਸ ਅਧਿਕਾਰੀਆਂ ਮੁਤਾਬਕ ਲੁਟੇਰਿਆਂ ਦੀ ਭਾਲ ਲਈ ਪੂਰੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।