ਮੋਹਾਲੀ: ਸੰਤ ਨਿਰੰਕਾਰੀ ਸਤਸੰਗ ਭਵਨ, ਫੇਜ਼-6 ਮੋਹਾਲੀ ਵਿੱਚ ਇੰਗਲਿਸ਼ ਮੀਡਿਅਮ ਨਿਰੰਕਾਰੀ ਸੰਤ ਸਮਾਗਮ ਦਾ ਭਵਿਆ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਸਥਾਨਕ ਬ੍ਰਾਂਚ ਨਾਲ ਜੁੜੇ ਇੰਗਲਿਸ਼ ਭਾਸ਼ੀ ਮਹਾਤਮਾ ਅਤੇ ਖਾਸ ਕਰਕੇ ਨੰਨੇ-ਮੁੰਨੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਆਪਣੀਆਂ ਪ੍ਰਸਤੁਤੀਆਂ ਨਾਲ ਸਭ ਦਾ ਮਨ ਮੋਹ ਲਿਆ।
ਸਮਾਗਮ ਦੌਰਾਨ ਕੇਂਦਰੀ ਪ੍ਰਚਾਰਕ ਸ੍ਰੀ ਨਰਪਾਲ ਸਿੰਘ ਜੀ ਨੇ ਆਪਣੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਸੱਚੇ ਗਿਆਨ ਰਾਹੀਂ ਪੂਰੀ ਮਨੁੱਖਤਾ ਨੂੰ ਇਕ ਸੂਤਰ ਵਿੱਚ ਜੋੜਣ ਦਾ ਮਹਾਨ ਕਾਰਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨਿਰੰਕਾਰੀ ਮਿਸ਼ਨ ਸਾਰੇ ਧਰਮਾਂ ਅਤੇ ਭਾਸ਼ਾਵਾਂ ਦਾ ਸਮਾਨ ਸਤਿਕਾਰ ਕਰਦਾ ਹੈ ਅਤੇ ਵਿਸ਼ਵ ਭਰਾਤ੍ਰਿਤਵ ਦਾ ਸੰਦੇਸ਼ ਦਿੰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇੱਕ ਚੰਗੇ ਇਨਸਾਨ ਦੀ ਪਹਿਚਾਣ ਉਸਦੇ ਕੱਪੜਿਆਂ ਨਾਲ ਨਹੀਂ, ਸਗੋਂ ਉਸਦੇ ਚਰਿੱਤਰ ਨਾਲ ਹੁੰਦੀ ਹੈ। ਮੌਜੂਦਾ ਸਮੇਂ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਮਨੁੱਖੀ ਮੁੱਲਾਂ ਨੂੰ ਉੱਚਾ ਚੁੱਕ ਕੇ ਇਕ ਚੰਗਾ ਅਤੇ ਸੱਚਾ ਇਨਸਾਨ ਬਣਾਉਣ ਦਾ ਸੰਦੇਸ਼ ਦੇ ਰਹੇ ਹਨ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਜੀ ਨਾਲ ਸੰਬੰਧਿਤ ਇੱਕ ਪ੍ਰੇਰਣਾਦਾਇਕ ਪ੍ਰਸੰਗ ਵੀ ਸਾਂਝਾ ਕੀਤਾ, ਜਿਸ ਰਾਹੀਂ ਉਨ੍ਹਾਂ ਨੇ ਭਾਸ਼ਾਵਾਂ ਦੇ ਸਤਿਕਾਰ ਅਤੇ ਆਪਸੀ ਪ੍ਰੇਮ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ।
ਸਮਾਗਮ ਦੇ ਅੰਤ ਵਿੱਚ ਸਥਾਨਕ ਸੰਯੋਜਕ ਇੰਚਾਰਜ ਸ੍ਰੀ ਗੁਲਸ਼ਨ ਲੂਥਰਾ ਜੀ ਨੇ ਹਾਜ਼ਰ ਸੰਗਤ ਅਤੇ ਖਾਸ ਤੌਰ ‘ਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਸਮਾਗਮ ਦਾ ਮਾਹੌਲ ਭਗਤੀ, ਸ਼ਰਧਾ ਅਤੇ ਪ੍ਰੇਰਣਾ ਨਾਲ ਭਰਪੂਰ ਰਿਹਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਆਤਮਿਕ ਲਾਭ ਪ੍ਰਾਪਤ ਕੀਤਾ।

