ਚੰਡੀਗੜ੍ਹ: ਯੂਟੀ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਇੱਕ ਵੱਡੀ ਕਾਰਵਾਈ ਦੌਰਾਨ ਹਥਿਆਰ ਸਪਲਾਈ ਨਾਲ ਜੁੜੇ ਸ਼ੱਕੀ ਨੂੰ ਮੁਠਭੇੜ ਵਿੱਚ ਕਾਬੂ ਕਰ ਲਿਆ। ਮੁਕੇਸ਼ ਗੋਹਾਨਾ ਉਰਫ਼ ‘ਗੋਲੂ’ ਨਾਮੀ ਦੋਸ਼ੀ ਪੁਲਿਸ ਕਾਰਵਾਈ ਦੌਰਾਨ ਜ਼ਖਮੀ ਹੋ ਗਿਆ।
ਪੁਲਿਸ ਨੂੰ ਮਿਲੀ ਗੁਪਤ ਜਾਣਕਾਰੀ ਦੇ ਆਧਾਰ ‘ਤੇ ਸੈਕਟਰ-25 ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ ਸੀ। ਜਿਵੇਂ ਹੀ ਪੁਲਿਸ ਟੀਮ ਨੇ ਦੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਸ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਵੱਲ ਫਾਇਰਿੰਗ ਕਰ ਦਿੱਤੀ।
ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਗੋਲੀ ਦੋਸ਼ੀ ਦੇ ਪੈਰ ਵਿੱਚ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਬਾਅਦ ਵਿੱਚ ਉਸ ਨੂੰ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੁਲਿਸ ਅਨੁਸਾਰ ਦੋਸ਼ੀ ਖਿਲਾਫ ਪਹਿਲਾਂ ਵੀ ਆਰਮਜ਼ ਐਕਟ ਤਹਿਤ ਮਾਮਲਾ ਦਰਜ ਹੈ ਅਤੇ ਉਹ ਕਾਫ਼ੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ। ਇਸ ਦੇ ਸਬੰਧ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਨਾਲ ਜੋੜੇ ਜਾ ਰਹੇ ਹਨ।
ਪੁਲਿਸ ਵੱਲੋਂ ਹੋਰ ਮਾਮਲਿਆਂ ਵਿੱਚ ਵੀ ਕੁਝ ਗ੍ਰਿਫ਼ਤਾਰੀਆਂ ਹੋਣ ਦੀ ਜਾਣਕਾਰੀ ਮਿਲੀ ਹੈ ਅਤੇ ਇਸ ਸਬੰਧੀ ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ ਜਾਵੇਗਾ।

