ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 1 ਮਈ ਮਜ਼ਦੂਰ ਦਿਵਸ ਮੌਕੇ ਵਿਧਾਨ ਸਭਾ ਦਾ ਵਿਸ਼ੇਸ਼ ਇਕ ਦਿਨਾਂ ਇਜਲਾਸ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਮੁੱਖ ਮੰਤਰੀ Bhagwant Mann ਨੇ ਸਾਂਝੀ ਕੀਤੀ।
ਕੈਬਨਿਟ ਦੇ ਇਸ ਫੈਸਲੇ ਅਨੁਸਾਰ ਇਹ ਇਜਲਾਸ ਮਿਹਨਤਕਸ਼ ਵਰਗ ਨੂੰ ਸਮਰਪਿਤ ਹੋਵੇਗਾ, ਜੋ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਮੌਕੇ ਮਜ਼ਦੂਰ ਯੂਨੀਅਨਾਂ ਦੇ ਪ੍ਰਤੀਨਿਧੀਆਂ ਨੂੰ ਖ਼ਾਸ ਮਹਿਮਾਨ ਵਜੋਂ ਸੱਦਾ ਦਿੱਤਾ ਜਾਵੇਗਾ।
ਸੈਸ਼ਨ ਦੌਰਾਨ ਮਜ਼ਦੂਰਾਂ ਨਾਲ ਜੁੜੇ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਇਸ ਵਿੱਚ ਮਨਰੇਗਾ ਸਕੀਮ ਵਿੱਚ ਹੋਏ ਬਦਲਾਵਾਂ ਦੇ ਪ੍ਰਭਾਵ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦੀਆਂ ਚੁਣੌਤੀਆਂ ਵੀ ਸ਼ਾਮਲ ਰਹਿਣਗੀਆਂ।
ਇਸ ਤੋਂ ਇਲਾਵਾ, ਵਿਧਾਨ ਸਭਾ ਦੀ ਕਾਰਜ ਸਲਾਹਕਾਰ ਕਮੇਟੀ ਵੱਲੋਂ ਹੋਰ ਲੋੜੀਂਦੇ ਵਿਧਾਨਕ ਕੰਮ ਵੀ ਨਿਯਮਤ ਪ੍ਰਕਿਰਿਆ ਅਨੁਸਾਰ ਨਿਪਟਾਏ ਜਾਣਗੇ, ਤਾਂ ਜੋ ਰਾਜ ਦੇ ਵਿਕਾਸ ਨਾਲ ਜੁੜੇ ਮਹੱਤਵਪੂਰਨ ਫੈਸਲੇ ਕੀਤੇ ਜਾ ਸਕਣ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 13 ਅਪ੍ਰੈਲ 2026 ਨੂੰ ਵੀ ਸੈਸ਼ਨ ਬੁਲਾਇਆ ਗਿਆ ਸੀ, ਜਿਸ ਵਿੱਚ ਧਾਰਮਿਕ ਬੇਅਦਬੀ ਨਾਲ ਸੰਬੰਧਿਤ ਸੋਧ ਬਿੱਲ ਪਾਸ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਰਾਜਪਾਲ ਦੀ ਮਨਜ਼ੂਰੀ ਵੀ ਮਿਲ ਗਈ ਸੀ।
ਇਸ ਤੋਂ ਇਲਾਵਾ ਦਸੰਬਰ 2025 ਵਿੱਚ ਵੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ, ਜਿਸ ਵਿੱਚ ਮਨਰੇਗਾ ਦੇ ਨਾਮ ਬਦਲਣ ਦੇ ਮਸਲੇ ‘ਤੇ ਵਿਚਾਰ ਕੀਤਾ ਗਿਆ ਸੀ।

