May 12, 2026
#Punjab News

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸਪਲਾਈ ‘ਤੇ 20 ਮਈ ਤੱਕ ਰੋਕ, SGPC ਵੱਲੋਂ ਨਵੀਂ ਡਿਜੀਟਲ ਨੀਤੀ ਲਾਗੂ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸਪਲਾਈ ‘ਤੇ 20 ਮਈ ਤੱਕ ਅਸਥਾਈ ਰੋਕ ਲਗਾ ਦਿੱਤੀ ਹੈ। ਇਹ ਫੈਸਲਾ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026” ਦੇ ਤਹਿਤ ਨਵੀਂ ਡਿਜੀਟਲ ਨੀਤੀ ਲਾਗੂ ਕਰਨ ਅਤੇ ਨਿਯਮਾਂ ਵਿੱਚ ਸੋਧਾਂ ਦੇ ਮੱਦੇਨਜ਼ਰ ਲਿਆ ਗਿਆ ਹੈ।

SGPC ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪੂਰੀ ਮਰਯਾਦਾ ਨਾਲ ਕੀਤੀ ਜਾਂਦੀ ਹੈ ਅਤੇ ਦੁਨੀਆ ਭਰ ਦੀ ਸੰਗਤ ਦੀ ਮੰਗ ਅਨੁਸਾਰ ਇਹ ਉਪਲਬਧ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਵਾਂ ਡਿਜੀਟਲ ਸਿਸਟਮ ਪੂਰੀ ਤਰ੍ਹਾਂ ਲਾਗੂ ਹੋਣ ਤੱਕ ਇਹ ਸੇਵਾ ਅਸਥਾਈ ਤੌਰ ‘ਤੇ ਬੰਦ ਰਹੇਗੀ ਅਤੇ 20 ਮਈ ਤੋਂ ਬਾਅਦ ਮੁੜ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਹੇਠ ਇੱਕ ਆਧੁਨਿਕ ਡਿਜੀਟਲ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਹਰ ਇਕ ਸਰੂਪ ਦਾ ਡਿਜੀਟਲ ਰਿਕਾਰਡ ਤਿਆਰ ਕੀਤਾ ਜਾਵੇਗਾ ਅਤੇ ਇਹ ਜਾਣਕਾਰੀ ਅਧਿਕਾਰਤ ਵੈੱਬਸਾਈਟ ‘ਤੇ ਵੀ ਉਪਲਬਧ ਹੋਵੇਗੀ।


📌 ਨਵੀਂ ਨੀਤੀ ਦੇ ਮੁੱਖ ਬਿੰਦੂ:

  • ਸੰਗਤ ਦੀ ਮੰਗ ਆਉਣ ‘ਤੇ ਹੀ ਸਰੂਪਾਂ ਦੀ ਛਪਾਈ ਕੀਤੀ ਜਾਵੇਗੀ।
  • ਪ੍ਰਾਪਤਕਰਤਾਵਾਂ ਦੀ ਪਛਾਣ ਫੋਟੋ ਸਮੇਤ ਡਿਜੀਟਲ ਰਿਕਾਰਡ ਵਿੱਚ ਦਰਜ ਕੀਤੀ ਜਾਵੇਗੀ।
  • ਸਰੂਪ ਸੌਂਪਣ ਸਮੇਂ ਵਿਸ਼ੇਸ਼ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
  • ਸਰਟੀਫਿਕੇਟ ਵਿੱਚ ਸਤਿਕਾਰ ਅਤੇ ਸੰਭਾਲ ਨਾਲ ਜੁੜੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ।
  • ਹਰ ਸਰੂਪ ਨੂੰ ਇੱਕ ਵਿਲੱਖਣ ਆਈਡੀ ਨੰਬਰ ਨਾਲ ਜੋੜਿਆ ਜਾਵੇਗਾ।

⚠️ ਹੋਰ ਅਹਿਮ ਫੈਸਲੇ:

SGPC ਵੱਲੋਂ ਅਕਾਲ ਤਖ਼ਤ ਸਾਹਿਬ ਦੇ 2013 ਦੇ ਹੁਕਮਨਾਮੇ ਅਨੁਸਾਰ ਕਬਰਾਂ, ਯਾਦਗਾਰਾਂ ਅਤੇ ਪੁਰਖਿਆਂ ਦੇ ਸਥਾਨਾਂ ‘ਤੇ ਅਖੰਡ ਪਾਠ ‘ਤੇ ਲੱਗੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਵੀ ਹਦਾਇਤ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਿਰਫ਼ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਹੀ ਪ੍ਰਾਪਤ ਹੋਣਗੇ ਅਤੇ ਹੋਰ ਕਿਸੇ ਥਾਂ ਤੋਂ ਉਪਲਬਧ ਨਹੀਂ ਕਰਵਾਏ ਜਾਣਗੇ।

SGPC ਨੇ ਕਿਹਾ ਕਿ ਇਸ ਨਵੀਂ ਡਿਜੀਟਲ ਪਹਿਲਕਦਮੀ ਦਾ ਮੁੱਖ ਉਦੇਸ਼ ਪਵਿੱਤਰ ਸਰੂਪਾਂ ਦੀ ਮਰਯਾਦਾ, ਪਾਰਦਰਸ਼ਤਾ ਅਤੇ ਸਹੀ ਵਰਤੋਂ ਨੂੰ ਯਕੀਨੀ ਬਣਾਉਣਾ ਹੈ।