ਸੰਗਰੂਰ ਦੀ 62 ਸਾਲਾ ਭੂਰ ਕੌਰ ਲਈ ਪੰਜਾਬ ਸਰਕਾਰ ਦੀ “ਮੁੱਖ ਮੰਤਰੀ ਸਿਹਤ ਯੋਜਨਾ” ਕਿਸੇ ਵਰਦਾਨ ਤੋਂ ਘੱਟ ਸਾਬਤ ਨਹੀਂ ਹੋਈ। ਪਿਛਲੇ 15-16 ਸਾਲਾਂ ਤੋਂ ਸ਼ੂਗਰ ਅਤੇ ਹਾਈਪਰਟੈਨਸ਼ਨ ਨਾਲ ਪੀੜਤ ਭੂਰ ਕੌਰ ਦੀ ਹਾਲਤ ਉਸ ਵੇਲੇ ਬਹੁਤ ਨਾਜ਼ੁਕ ਹੋ ਗਈ ਜਦੋਂ ਉਸ ਦੀ ਬਲੱਡ ਸ਼ੂਗਰ ਅਚਾਨਕ 550 mg/dL ਤੱਕ ਪਹੁੰਚ ਗਈ।
ਪਰਿਵਾਰ ਕੋਲ ਸੋਚਣ ਦਾ ਸਮਾਂ ਵੀ ਨਹੀਂ ਸੀ। ਭੂਰ ਕੌਰ ਦੀ ਨੂੰਹ ਪਰਮਜੀਤ ਨੇ ਦੱਸਿਆ ਕਿ “ਅਸੀਂ ਸਿਰਫ਼ ਭੱਜ-ਦੌੜ ਕਰ ਰਹੇ ਸੀ ਅਤੇ ਰੱਬ ਅੱਗੇ ਅਰਦਾਸਾਂ ਕਰ ਰਹੇ ਸੀ।”
ਭੂਰ ਕੌਰ ਨੂੰ ਤੁਰੰਤ ਸੁਨਾਮ ਦੇ ਕਸ਼ਮੀਰੀ ਹਾਰਟ ਕੇਅਰ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਬਹੁਤ ਹੀ ਗੰਭੀਰ ਦੱਸਿਆ। ਕਲੀਨਿਕਲ ਕਾਰਡੀਓਲੋਜਿਸਟ ਅਤੇ ਮੈਨੇਜਿੰਗ ਡਾਇਰੈਕਟਰ ਡਾ. ਅੰਸ਼ੁਮਨ ਫੂਲ ਮੁਤਾਬਕ ਭੂਰ ਕੌਰ ਨੂੰ ਡਾਇਬੀਟਿਕ ਕੀਟੋਐਸੀਡੋਸਿਸ, ਗੰਭੀਰ ਇਨਫੈਕਸ਼ਨ ਅਤੇ ਸਾਹ ਲੈਣ ਵਿੱਚ ਤੀਬਰ ਦਿੱਕਤ ਕਾਰਨ ICU ਵਿੱਚ ਭਰਤੀ ਕਰਨਾ ਪਿਆ।
ਡਾ. ਫੂਲ ਨੇ ਦੱਸਿਆ ਕਿ “ਅਜਿਹੀਆਂ ਐਮਰਜੈਂਸੀ ਹਾਲਤਾਂ ਵਿੱਚ ਹਰ ਮਿੰਟ ਕੀਮਤੀ ਹੁੰਦਾ ਹੈ। ਪਰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਰੀਜ਼ ਕਵਰ ਹੋਣ ਕਾਰਨ ਇਲਾਜ ਤੁਰੰਤ ਸ਼ੁਰੂ ਕੀਤਾ ਗਿਆ। ਨਾ ਕੋਈ ਵਿੱਤੀ ਰੁਕਾਵਟ ਆਈ ਤੇ ਨਾ ਹੀ ਇਲਾਜ ਵਿੱਚ ਦੇਰੀ ਹੋਈ।”
ICU ਵਿੱਚ ਡਾਕਟਰਾਂ ਦੀ ਟੀਮ ਨੇ ਲਗਾਤਾਰ ਭੂਰ ਕੌਰ ਦੀ ਜ਼ਿੰਦਗੀ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਰੱਖੀਆਂ। ਪਹਿਲੇ ਕੁਝ ਘੰਟੇ ਸਭ ਤੋਂ ਨਾਜ਼ੁਕ ਰਹੇ। ਪਰਿਵਾਰ ICU ਦੇ ਬਾਹਰ ਉਮੀਦ ਅਤੇ ਅਰਦਾਸਾਂ ਨਾਲ ਬੈਠਾ ਰਿਹਾ।
ਤੀਜੇ ਦਿਨ ਭੂਰ ਕੌਰ ਦੀ ਸਿਹਤ ਵਿੱਚ ਸੁਧਾਰ ਆਉਣਾ ਸ਼ੁਰੂ ਹੋਇਆ। ਆਕਸੀਜਨ ਲੈਵਲ ਸਥਿਰ ਹੋਣ ਲੱਗਾ ਅਤੇ ਇਨਫੈਕਸ਼ਨ ਘਟਣਾ ਸ਼ੁਰੂ ਹੋ ਗਿਆ। ਕੁਝ ਦਿਨਾਂ ਬਾਅਦ ਜਦੋਂ ਭੂਰ ਕੌਰ ਨੂੰ ਹੋਸ਼ ਆਈ ਤਾਂ ਪਰਿਵਾਰ ਲਈ ਇਹ ਸਭ ਤੋਂ ਵੱਡੀ ਰਾਹਤ ਸੀ।
ਭੂਰ ਕੌਰ ਨੇ ਭਾਵੁਕ ਹੋ ਕੇ ਕਿਹਾ, “ਮੈਨੂੰ ਸਭ ਕੁਝ ਯਾਦ ਨਹੀਂ, ਪਰ ਮੈਨੂੰ ਪਤਾ ਹੈ ਕਿ ਮੇਰੀ ਹਾਲਤ ਬਹੁਤ ਗੰਭੀਰ ਸੀ। ਮੈਂ ਡਾਕਟਰਾਂ ਅਤੇ ਸਰਕਾਰ ਦੀ ਧੰਨਵਾਦੀ ਹਾਂ। ਮੈਂ ਅੱਜ ਹੈਲਥ ਕਾਰਡ ਕਰਕੇ ਜ਼ਿੰਦਾ ਹਾਂ।”
ਇਹ ਕਹਾਣੀ ਸਿਰਫ਼ ਇੱਕ ਮਰੀਜ਼ ਦੀ ਰਿਕਵਰੀ ਨਹੀਂ, ਸਗੋਂ ਇਹ ਦਰਸਾਉਂਦੀ ਹੈ ਕਿ ਸਮੇਂ ਸਿਰ ਇਲਾਜ ਅਤੇ ਸਰਕਾਰੀ ਸਹਾਇਤਾ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ। ਭੂਰ ਕੌਰ ਲਈ ਇਹ ਸਿਹਤ ਕਾਰਡ ਸਿਰਫ਼ ਇੱਕ ਦਸਤਾਵੇਜ਼ ਨਹੀਂ, ਸਗੋਂ ਨਵੀਂ ਜ਼ਿੰਦਗੀ ਦਾ ਸਹਾਰਾ ਬਣਿਆ।

