June 24, 2026
#Punjab News

ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਲੰਘਣ ਵਾਲੀਆਂ 22 ਟ੍ਰੇਨਾਂ ਰੱਦ, 29 ਡਾਇਵਰਟ; ਯਾਤਰੀਆਂ ਲਈ ਵੱਡੀ ਪਰੇਸ਼ਾਨੀ

ਦਿੱਲੀ-ਅੰਬਾਲਾ ਸੈਕਸ਼ਨ ‘ਤੇ ਸ਼ਾਹਾਬਾਦ ਮਾਰਕੰਡਾ ਅਤੇ ਮੋਹਰੀ ਰੇਲਵੇ ਸਟੇਸ਼ਨਾਂ ਵਿਚਕਾਰ ਰੇਲਵੇ ਵੱਲੋਂ ਤਕਨੀਕੀ ਕੰਮ ਕੀਤੇ ਜਾਣ ਕਾਰਨ 30 ਮਈ ਤੋਂ 6 ਜੂਨ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ। ਇਸ ਦੌਰਾਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਲੰਘਣ ਵਾਲੀਆਂ ਕਈ ਮਹੱਤਵਪੂਰਨ ਟ੍ਰੇਨਾਂ ਨੂੰ ਰੱਦ, ਡਾਇਵਰਟ ਅਤੇ ਰੀਸ਼ਡਿਊਲ ਕੀਤਾ ਗਿਆ ਹੈ।

ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਅਨੁਸਾਰ ਸ਼ਾਹਾਬਾਦ ਮਾਰਕੰਡਾ ਅਤੇ ਮੋਹਰੀ ਸਟੇਸ਼ਨਾਂ ‘ਤੇ ਲੂਪ ਲਾਈਨਾਂ ਦੇ ਵਿਸਥਾਰ ਅਤੇ ਨਵੇਂ ਇਲੈਕਟ੍ਰਾਨਿਕ ਇੰਟਰਲਾਕਿੰਗ (EI) ਸਿਸਟਮ ਦੀ ਸਥਾਪਨਾ ਲਈ 6 ਦਿਨਾਂ ਦਾ ਪ੍ਰੀ-ਨਾਨ ਇੰਟਰਲਾਕਿੰਗ (PNI) ਅਤੇ 1 ਦਿਨ ਦਾ ਨਾਨ-ਇੰਟਰਲਾਕਿੰਗ (NI) ਬਲਾਕ ਲਿਆ ਜਾਵੇਗਾ।

ਰੇਲਵੇ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਸ ਸਮੇਂ ਦੌਰਾਨ 22 ਟ੍ਰੇਨਾਂ ਪੂਰੀ ਤਰ੍ਹਾਂ ਰੱਦ ਰਹਿਣਗੀਆਂ, ਜਦਕਿ 29 ਟ੍ਰੇਨਾਂ ਨੂੰ ਵੱਖਰੇ ਰੂਟਾਂ ਰਾਹੀਂ ਚਲਾਇਆ ਜਾਵੇਗਾ। ਇਸ ਤੋਂ ਇਲਾਵਾ 8 ਟ੍ਰੇਨਾਂ ਦਾ ਸਮਾਂ ਬਦਲਿਆ ਗਿਆ ਹੈ ਅਤੇ 20 ਟ੍ਰੇਨਾਂ ਨੂੰ ਰੈਗੂਲੇਟ ਕੀਤਾ ਗਿਆ ਹੈ। ਇਸ ਕਾਰਨ ਚੰਡੀਗੜ੍ਹ ਆਉਣ-ਜਾਣ ਵਾਲੇ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਣਗੇ।

ਅਜਮੇਰ-ਚੰਡੀਗੜ੍ਹ ਗਰੀਬ ਰਥ ਐਕਸਪ੍ਰੈਸ (12983) 31 ਮਈ ਅਤੇ 2 ਜੂਨ ਨੂੰ ਰੱਦ ਰਹੇਗੀ, ਜਦਕਿ ਚੰਡੀਗੜ੍ਹ-ਅਜਮੇਰ ਗਰੀਬ ਰਥ ਐਕਸਪ੍ਰੈਸ (12984) 1 ਅਤੇ 3 ਜੂਨ ਨੂੰ ਨਹੀਂ ਚੱਲੇਗੀ।

ਇਸ ਤੋਂ ਇਲਾਵਾ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈਸ (12045/12046) ਅਤੇ ਅਜਮੇਰ-ਚੰਡੀਗੜ੍ਹ ਵੰਦੇ ਭਾਰਤ ਐਕਸਪ੍ਰੈਸ (20977/20978) 6 ਜੂਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਚੰਡੀਗੜ੍ਹ-ਯਸ਼ਵੰਤਪੁਰ ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈਸ (22686) 2 ਜੂਨ ਨੂੰ ਅੰਬਾਲਾ-ਸਹਾਰਨਪੁਰ-ਮੇਰਠ-ਗਾਜ਼ੀਆਬਾਦ ਰੂਟ ਰਾਹੀਂ ਚੱਲੇਗੀ ਅਤੇ ਇਹ ਟ੍ਰੇਨ ਪਾਣੀਪਤ ਅਤੇ ਨਵੀਂ ਦਿੱਲੀ ਸਟੇਸ਼ਨਾਂ ‘ਤੇ ਨਹੀਂ ਜਾਵੇਗੀ। ਇਸੇ ਤਰ੍ਹਾਂ ਚੰਡੀਗੜ੍ਹ-ਮਡਗਾਓਂ ਗੋਆ ਸੰਪਰਕ ਕ੍ਰਾਂਤੀ ਐਕਸਪ੍ਰੈਸ (12450) ਵੀ 1 ਜੂਨ ਨੂੰ ਬਦਲੇ ਹੋਏ ਰੂਟ ਰਾਹੀਂ ਚੱਲੇਗੀ।

ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਤੋਂ ਪਹਿਲਾਂ ਆਪਣੀ ਟ੍ਰੇਨ ਦੀ ਸਥਿਤੀ ਜ਼ਰੂਰ ਚੈੱਕ ਕਰ ਲੈਣ।