ਪੰਜਾਬ ਨਿਗਮ ਚੋਣਾਂ ਵਿੱਚ ਇਸ ਵਾਰ ਕਈ ਰਾਜਨੀਤਿਕ ਪਰਿਵਾਰਾਂ ਨੇ ਆਪਣੀ ਮਜ਼ਬੂਤ ਪਕੜ ਦਿਖਾਈ। ਕਿਤੇ ਪਤੀ-ਪਤਨੀ ਅਤੇ ਪੁੱਤਰ ਨੇ ਇਕੱਠੇ ਜਿੱਤ ਦਰਜ ਕੀਤੀ ਤਾਂ ਕਿਤੇ ਸੱਸ ਨੇ ਚੋਣੀ ਮੈਦਾਨ ਫਤਿਹ ਕਰਕੇ ਚਰਚਾ ਬਟੋਰੀ। ਕੁਝ ਥਾਵਾਂ ‘ਤੇ ਜੇਤੂ ਦਾ ਫੈਸਲਾ ਟਾਸ ਅਤੇ ਪਰਚੀ ਰਾਹੀਂ ਵੀ ਹੋਇਆ।
ਦੋਰਾਹਾ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਦਰਸ਼ਨ ਕੁਮਾਰ ਸ਼ਰਮਾ ਨੇ ਲਗਾਤਾਰ ਸੱਤਵੀਂ ਵਾਰ ਜਿੱਤ ਦਰਜ ਕਰਕੇ ਨਵਾਂ ਰਿਕਾਰਡ ਬਣਾਇਆ। ਖਾਸ ਗੱਲ ਇਹ ਰਹੀ ਕਿ ਉਨ੍ਹਾਂ ਦੀ ਪਤਨੀ ਪ੍ਰਿਆ ਸ਼ਰਮਾ ਅਤੇ ਪੁੱਤਰ ਅਨਮੋਲ ਸ਼ਰਮਾ ਨੇ ਵੀ ਆਪਣੇ-ਆਪਣੇ ਵਾਰਡਾਂ ਤੋਂ ਜਿੱਤ ਹਾਸਲ ਕੀਤੀ।
ਮੋਹਾਲੀ ਨਗਰ ਨਿਗਮ ਚੋਣਾਂ ਵਿੱਚ ਵੀ ਪਤੀ-ਪਤਨੀ ਦੀ ਜੋੜੀ ਨੇ ਜਿੱਤ ਦਰਜ ਕੀਤੀ। ਵਾਰਡ ਨੰਬਰ 4 ਤੋਂ ਹਰਵਿੰਦਰ ਸਿੰਘ ਅਤੇ ਵਾਰਡ ਨੰਬਰ 3 ਤੋਂ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਜੇਤੂ ਰਹੇ।
ਉਧਰ ਕੋਟਕਪੂਰਾ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਜਿੱਤ ਦਰਜ ਕਰਕੇ ਸਭ ਦਾ ਧਿਆਨ ਖਿੱਚਿਆ। ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਸੁਤੰਤਰ ਜੋਸ਼ੀ, ਵਾਰਡ 11 ਤੋਂ ਉਨ੍ਹਾਂ ਦੀ ਭਾਬੀ ਵਿਜੇਪ੍ਰੀਤ ਜੋਸ਼ੀ ਅਤੇ ਵਾਰਡ 16 ਤੋਂ ਉਨ੍ਹਾਂ ਦੇ ਪੁੱਤਰ ਐਰਨ ਜੋਸ਼ੀ ਜੇਤੂ ਰਹੇ।
ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਦੀ ਜਿੱਤ ਵੀ ਚਰਚਾ ਦਾ ਕੇਂਦਰ ਬਣੀ ਰਹੀ।
ਮਾਨਸਾ ਦੇ ਜੋਗਾ ਅਤੇ ਬੋਹਾ ਵਿੱਚ ਜੇਤੂ ਦਾ ਫੈਸਲਾ ਟਾਸ ਅਤੇ ਪਰਚੀ ਰਾਹੀਂ ਕੀਤਾ ਗਿਆ। ਜੋਗਾ ਦੇ ਵਾਰਡ ਨੰਬਰ 1 ਵਿੱਚ ਦੋ ਉਮੀਦਵਾਰਾਂ ਨੂੰ 141-141 ਵੋਟਾਂ ਮਿਲੀਆਂ, ਜਿਸ ਤੋਂ ਬਾਅਦ ਟਾਸ ਰਾਹੀਂ ਸੀਪੀਆਈ ਦੀ ਸੁਖਜਿੰਦਰ ਕੌਰ ਨੂੰ ਜੇਤੂ ਐਲਾਨਿਆ ਗਿਆ। ਬੋਹਾ ਦੇ ਵਾਰਡ ਨੰਬਰ 10 ਵਿੱਚ ਦੋ ਉਮੀਦਵਾਰਾਂ ਨੂੰ 256-256 ਵੋਟਾਂ ਮਿਲਣ ਤੋਂ ਬਾਅਦ ਪਰਚੀ ਕੱਢੀ ਗਈ, ਜਿਸ ਵਿੱਚ ਅਕਾਲੀ ਦਲ ਦੇ ਗੁਰਮੀਤ ਸਿੰਘ ਦੀ ਕਿਸਮਤ ਚਮਕੀ।
ਉੱਥੇ ਹੀ ਬਟਾਲਾ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਦੇ ਪਰਿਵਾਰ ਨੂੰ ਝਟਕਾ ਲੱਗਾ। ਪਾਰਟੀ ਟਿਕਟ ‘ਤੇ ਚੋਣ ਲੜ ਰਹੇ ਉਨ੍ਹਾਂ ਦੇ ਭਰਾ ਅਮ੍ਰਿਤ ਕਲਸੀ ਅਤੇ ਭੈਣ ਉੱਤਮਜੀਤ ਕੌਰ ਨੂੰ ਕਾਂਗਰਸੀ ਉਮੀਦਵਾਰਾਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਮੋਹਾਲੀ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 34 ਤੋਂ ਆਮ ਆਦਮੀ ਪਾਰਟੀ ਦੇ ਸੁਖਦੇਵ ਸਿੰਘ ਪਟਵਾਰੀ 65 ਵੋਟਾਂ ਨਾਲ ਜਿੱਤੇ। ਦਿਲਚਸਪ ਗੱਲ ਇਹ ਹੈ ਕਿ ਪਿਛਲੀ ਨਿਗਮ ਚੋਣ ਵਿੱਚ ਵੀ ਉਹ 65 ਵੋਟਾਂ ਨਾਲ ਹੀ ਜੇਤੂ ਰਹੇ ਸਨ।

