June 24, 2026
#Punjab News

ਕਰੋੜਾਂ ਦੇ ਕਥਿਤ ਵਿੱਤੀ ਘੋਟਾਲੇ ‘ਚ ਰੌਇਲ ਐਸਟੇਟ ਗਰੁੱਪ ਦੇ ਮਾਲਕ ਗ੍ਰਿਫ਼ਤਾਰ, ED ਦੀ ਵੱਡੀ ਕਾਰਵਾਈ

ਚੰਡੀਗੜ੍ਹ ਅਤੇ ਪੰਜਾਬ ਵਿੱਚ ਕਰੋੜਾਂ ਰੁਪਏ ਦੇ ਕਥਿਤ ਵਿੱਤੀ ਘੋਟਾਲੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕਰਦਿਆਂ ਰੌਇਲ ਐਸਟੇਟ ਗਰੁੱਪ ਦੇ ਮਾਲਕ ਪ੍ਰਵੀਣ ਕਂਸਲ ਅਤੇ ਨੀਰਜ ਕਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਤੋਂ ਪਹਿਲਾਂ ਜਾਂਚ ਏਜੰਸੀਆਂ ਨੇ ਜੀਰਕਪੁਰ-ਅੰਬਾਲਾ ਹਾਈਵੇ ‘ਤੇ ਸਥਿਤ ਰੌਇਲ ਆਕਸਫੋਰਡ ਸਟ੍ਰੀਟ ਦਫ਼ਤਰ ਸਮੇਤ ਕਈ ਕਾਰੋਬਾਰੀ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਸੈਕਟਰ-20 ਚੰਡੀਗੜ੍ਹ ਵਿੱਚ ਜਿਸ ਰਿਹਾਇਸ਼ੀ ਕੋਠੀ ‘ਤੇ ਜਾਂਚ ਹੋਈ, ਉਹ ਰੀਅਲ ਐਸਟੇਟ ਕਾਰੋਬਾਰੀ ਪ੍ਰਵੀਣ ਕਂਸਲ ਉਰਫ਼ ਰਾਕੀ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ।

ED ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਰੌਇਲ ਐਸਟੇਟ ਗਰੁੱਪ ਅਤੇ ਚੰਡੀਗੜ੍ਹ ਰੌਇਲ ਸਿਟੀ ਪ੍ਰੋਮੋਟਰਜ਼ ਪ੍ਰਾਈਵੇਟ ਲਿਮਿਟੇਡ (CRCPL) ਨਾਲ ਜੁੜੀਆਂ 9 ਥਾਵਾਂ ‘ਤੇ ਇਕੱਠੇ ਛਾਪੇ ਮਾਰੇ ਸਨ। ਇਸ ਦੌਰਾਨ ਕੰਪਨੀ ਦੇ ਡਾਇਰੈਕਟਰਾਂ, ਸੀਏ, ਅਕਾਊਂਟੈਂਟਾਂ ਅਤੇ ਹੋਰ ਸੰਬੰਧਿਤ ਲੋਕਾਂ ਸਮੇਤ ਕਰੀਬ 20 ਵਿਅਕਤੀਆਂ ਦੇ ਠਿਕਾਣਿਆਂ ਦੀ ਤਲਾਸ਼ੀ ਲਈ ਗਈ।

ਕਾਰਵਾਈ ਦੌਰਾਨ ਜਾਂਚ ਏਜੰਸੀਆਂ ਨੇ ਕਈ ਮਹੱਤਵਪੂਰਨ ਦਸਤਾਵੇਜ਼, ਡਿਜ਼ੀਟਲ ਉਪਕਰਣ ਅਤੇ ਵਿੱਤੀ ਰਿਕਾਰਡ ਜ਼ਬਤ ਕੀਤੇ ਹਨ। ਜਾਣਕਾਰੀ ਮੁਤਾਬਕ ED ਦੀ ਇਹ ਕਾਰਵਾਈ ਮੰਗਲਵਾਰ ਸਵੇਰੇ ਕਰੀਬ 6 ਵਜੇ ਸ਼ੁਰੂ ਹੋਈ ਸੀ। ਚੰਡੀਗੜ੍ਹ ਦੇ ਸੈਕਟਰ-20, ਜੀਰਕਪੁਰ, ਮੋਹਾਲੀ, ਬਨੂੜ ਅਤੇ ਡੇਰਾਬੱਸੀ ਸਮੇਤ ਕਈ ਥਾਵਾਂ ‘ਤੇ ਇਕੱਠੇ ਦਬਿਸ਼ ਦਿੱਤੀ ਗਈ।

ਅਧਿਕਾਰੀਆਂ ਦੇ ਅਨੁਸਾਰ ਇਸ ਕਾਰਵਾਈ ਵਿੱਚ ED ਦੇ ਨਾਲ ਕੇਂਦਰੀ GST ਅਤੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੀ ਸ਼ਾਮਲ ਸਨ।

ED ਚੰਡੀਗੜ੍ਹ ਜ਼ੋਨਲ ਦਫ਼ਤਰ-1 ਵੱਲੋਂ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (PMLA), 2002 ਦੀ ਧਾਰਾ-17 ਤਹਿਤ ਕੀਤੀ ਗਈ। ਏਜੰਸੀ ਅਨੁਸਾਰ ਇਹ ਜਾਂਚ ਪੰਜਾਬ ਪੁਲਿਸ ਵੱਲੋਂ 19 ਜੁਲਾਈ 2025 ਨੂੰ ਦਰਜ ਕੀਤੀ ਗਈ FIR ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਸੀ।