June 23, 2026
#Politics #Punjab News

ਮੋਹਾਲੀ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਦਬਦਬਾ, ਕਾਂਗਰਸ ਦੂਜੇ ਸਥਾਨ ‘ਤੇ

ਮੋਹਾਲੀ ਨਗਰ ਨਿਗਮ ਚੋਣਾਂ ਦੇ ਐਲਾਨੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਤੋਂ ਵੱਧ ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ ਅਤੇ ਨਿਗਮ ਦੀ ਸੱਤਾ ਵੱਲ ਮਜ਼ਬੂਤ ਕਦਮ ਵਧਾਏ ਹਨ। ਹਾਲਾਂਕਿ ਕੁਝ ਵਾਰਡਾਂ ਦੇ ਨਤੀਜੇ ਖ਼ਬਰ ਲਿਖੇ ਜਾਣ ਤੱਕ ਜਾਰੀ ਨਹੀਂ ਹੋਏ ਸਨ, ਪਰ ਹੁਣ ਤੱਕ ਸਾਹਮਣੇ ਆਏ ਨਤੀਜਿਆਂ ਨੇ ਸ਼ਹਿਰ ਦੀ ਸਿਆਸੀ ਤਸਵੀਰ ਕਾਫ਼ੀ ਹੱਦ ਤੱਕ ਸਾਫ ਕਰ ਦਿੱਤੀ ਹੈ।

ਘੋਸ਼ਿਤ ਨਤੀਜਿਆਂ ਅਨੁਸਾਰ ‘ਆਪ’ ਨੇ 24 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਚੋਣਾਂ ਵਿੱਚ ਆਪਣਾ ਦਬਦਬਾ ਬਣਾਇਆ, ਜਦਕਿ ਕਾਂਗਰਸ 10 ਸੀਟਾਂ ਨਾਲ ਦੂਜੇ ਸਥਾਨ ‘ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ 3-3 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ 3 ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਦਰਜ ਕਰਕੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ।

ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 2 ਤੋਂ ਰਾਜਿੰਦਰ ਪ੍ਰਸਾਦ ਸ਼ਰਮਾ, ਵਾਰਡ 6 ਤੋਂ ਡਾ. ਸਨੀ ਸਿੰਘ ਆਹਲੂਵਾਲੀਆ, ਵਾਰਡ 8 ਤੋਂ ਗੁਰਮੁਖ ਸਿੰਘ ਸੋਹਲ, ਵਾਰਡ 29 ਤੋਂ ਰਮਣਪ੍ਰੀਤ ਕੌਰ, ਵਾਰਡ 31 ਤੋਂ ਅਰੁਣਾ ਸ਼ਰਮਾ ਅਤੇ ਵਾਰਡ 43 ਤੋਂ ਰਾਮਨਦੀਪ ਕੌਰ ਦੀ ਜਿੱਤ ਖਾਸ ਚਰਚਾ ਵਿੱਚ ਰਹੀ।

ਕਾਂਗਰਸ ਵੱਲੋਂ ਵਾਰਡ ਨੰਬਰ 1 ਤੋਂ ਚਰਨਜੀਤ ਕੌਰ, ਵਾਰਡ 12 ਤੋਂ ਅਨੁਰਾਧਾ ਆਨੰਦ, ਵਾਰਡ 15 ਤੋਂ ਜਤਿੰਦਰ ਕੌਰ, ਵਾਰਡ 18 ਤੋਂ ਨਰਪਿੰਦਰ ਸਿੰਘ ਰੰਗੀ, ਵਾਰਡ 30 ਤੋਂ ਹਰਜੀਤ ਸਿੰਘ ਅਤੇ ਵਾਰਡ 37 ਤੋਂ ਬਲਜੀਤ ਕੌਰ ਮੁੱਖ ਜੇਤੂਆਂ ਵਿੱਚ ਸ਼ਾਮਲ ਰਹੇ। ਬਲਜੀਤ ਕੌਰ ਨੇ 882 ਵੋਟਾਂ ਦੇ ਵੱਡੇ ਅੰਤਰ ਨਾਲ ਸਭ ਤੋਂ ਵੱਡੀ ਜਿੱਤ ਦਰਜ ਕੀਤੀ, ਜਦਕਿ ਅਨੁਰਾਧਾ ਆਨੰਦ ਨੇ 829 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ।

ਸ਼੍ਰੋਮਣੀ ਅਕਾਲੀ ਦਲ ਨੇ ਵਾਰਡ ਨੰਬਰ 7, 9 ਅਤੇ 44 ਵਿੱਚ ਜਿੱਤ ਦਰਜ ਕੀਤੀ। ਇਨ੍ਹਾਂ ਵਾਰਡਾਂ ਤੋਂ ਇੰਦਰਪ੍ਰੀਤ ਕੌਰ ਪ੍ਰਿੰਸ, ਕੁਲਦੀਪ ਕੌਰ ਕੰਗ ਅਤੇ ਸੁਖਵੀਰ ਸਿੰਘ ਜੇਤੂ ਰਹੇ। ਭਾਜਪਾ ਨੇ ਵਾਰਡ ਨੰਬਰ 41, 48 ਅਤੇ 49 ਵਿੱਚ ਜਿੱਤ ਦਰਜ ਕਰਕੇ ਆਪਣਾ ਖਾਤਾ ਖੋਲ੍ਹਿਆ।

ਆਜ਼ਾਦ ਉਮੀਦਵਾਰਾਂ ਨੇ ਵੀ ਚੋਣਾਂ ਵਿੱਚ ਵੱਡਾ ਪ੍ਰਭਾਵ ਛੱਡਿਆ। ਵਾਰਡ ਨੰਬਰ 10 ਤੋਂ ਪਰਮਜੀਤ ਸਿੰਘ ਕਾਹਲੋਂ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਪੁੱਤਰ ਅਤੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਭਤੀਜੇ ਕਨਵਰਬੀਰ ਸਿੰਘ ਰੂਬੀ ਸਿੱਧੂ ਨੂੰ 131 ਵੋਟਾਂ ਨਾਲ ਹਰਾਇਆ। ਵਾਰਡ 13 ਤੋਂ ਕੁਲਦੀਪ ਕੌਰ ਅਤੇ ਵਾਰਡ 35 ਤੋਂ ਕੁਲਵਿੰਦਰ ਕੌਰ ਵੀ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੀਆਂ।

ਸਭ ਤੋਂ ਰੋਮਾਂਚਕ ਮੁਕਾਬਲਾ ਵਾਰਡ ਨੰਬਰ 47 ਵਿੱਚ ਦੇਖਣ ਨੂੰ ਮਿਲਿਆ, ਜਿੱਥੇ ‘ਆਪ’ ਉਮੀਦਵਾਰ ਪਰਮਿੰਦਰ ਕੌਰ ਨੇ ਸਿਰਫ਼ ਇੱਕ ਵੋਟ ਨਾਲ ਜਿੱਤ ਦਰਜ ਕੀਤੀ। ਉੱਥੇ ਹੀ ਭਾਜਪਾ ਉਮੀਦਵਾਰ ਗੁਰਪ੍ਰੀਤ ਕੌਰ ਨੇ ਵਾਰਡ ਨੰਬਰ 41 ਤੋਂ 35 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ।