ਜਲੰਧਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਪੂਰੀ ਕਰਨ ਲਈ ਆਪਣੀ ਤਲਾਕਸ਼ੁਦਾ ਪਤਨੀ ਦੇ 16 ਦਿਨਾਂ ਦੇ ਬੱਚੇ ਨੂੰ 5 ਲੱਖ ਰੁਪਏ ਵਿੱਚ ਵੇਚ ਦਿੱਤਾ। ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੱਚੇ ਨੂੰ ਖਰੀਦਣ ਵਾਲੀ ਔਰਤ ਨੇ ਬੱਚੇ ਦੀ ਮਾਂ ਨੂੰ ਫੋਨ ਕਰਕੇ ਕਿਹਾ ਕਿ ਉਹ ਬੱਚੇ ਨੂੰ ਸੰਭਾਲ ਨਹੀਂ ਸਕਦੀ ਅਤੇ ਆਪਣੇ ਪੈਸੇ ਵਾਪਸ ਚਾਹੁੰਦੀ ਹੈ।
ਪੀੜਤਾ ਸ਼ਿਵਾਨੀ ਨੇ ਦੱਸਿਆ ਕਿ ਉਸਦਾ ਪਹਿਲਾ ਪਤੀ ਸ਼ਿਵਾ ‘ਚਿੱਟੇ’ ਦਾ ਆਦੀ ਹੈ ਅਤੇ ਨਸ਼ੇ ਦੀ ਲਤ ਕਾਰਨ ਉਸ ਨੇ ਇਹ ਘਿਨੌਣਾ ਕਦਮ ਚੁੱਕਿਆ। ਬੱਚੇ ਨੂੰ ਵੇਚਣ ਤੋਂ ਬਾਅਦ ਸ਼ਿਵਾ ਨੇ ਸੋਸ਼ਲ ਮੀਡੀਆ ‘ਤੇ ਨਕਦੀ ਦੀਆਂ ਗੱਡੀਆਂ ਵਾਲੀ Instagram ਸਟੋਰੀ ਵੀ ਪਾਈ, ਜਿਸਨੂੰ ਬਾਅਦ ਵਿੱਚ ਡਿਲੀਟ ਕਰ ਦਿੱਤਾ ਗਿਆ।
ਸ਼ਿਵਾਨੀ ਮੁਤਾਬਕ, ਬੱਚੇ ਨੂੰ ਵੇਚਣ ਤੋਂ ਮਿਲੀ ਰਕਮ ਨਾਲ ਮੁਲਜ਼ਮ ਨੇ LED ਟੀਵੀ, ਏਅਰ ਕੂਲਰ ਅਤੇ ਹੋਰ ਸਮਾਨ ਖਰੀਦਿਆ। ਜਦੋਂ ਉਸ ਨੇ ਆਪਣੇ ਬੱਚੇ ਬਾਰੇ ਪੁੱਛਿਆ ਤਾਂ ਉਸ ਨੂੰ ਝੂਠ ਬੋਲ ਕੇ ਕਿਹਾ ਗਿਆ ਕਿ ਬੱਚੇ ਦੀ ਮੌਤ ਹੋ ਗਈ ਹੈ ਅਤੇ ਉਸਨੂੰ ਦਫ਼ਨਾ ਦਿੱਤਾ ਗਿਆ ਹੈ। ਨਾਲ ਹੀ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ।
ਸ਼ਿਵਾਨੀ ਨੇ ਦੱਸਿਆ ਕਿ 25 ਮਈ ਨੂੰ ਟੀਕਾਕਰਨ ਦੇ ਬਹਾਨੇ ਇੱਕ ਔਰਤ ਉਸਦੇ ਕਮਰੇ ਵਿੱਚ ਆਈ ਅਤੇ ਮੌਕਾ ਮਿਲਦਿਆਂ ਹੀ ਬੱਚੇ ਨੂੰ ਲੈ ਕੇ ਫਰਾਰ ਹੋ ਗਈ। ਕੁਝ ਦਿਨਾਂ ਬਾਅਦ ਅੰਮ੍ਰਿਤਸਰ ਦੀ ਇੱਕ ਔਰਤ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਬੱਚਾ ਉਸਦੇ ਕੋਲ ਹੈ।
ਮਾਮਲੇ ਦੀ ਸ਼ਿਕਾਇਤ ਜਲੰਧਰ ਪੁਲਿਸ ਕਮਿਸ਼ਨਰ ਕੋਲ ਕੀਤੀ ਗਈ, ਜਿਸ ਤੋਂ ਬਾਅਦ ਰਾਮਾ ਮੰਡੀ ਪੁਲਿਸ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਹੁਣ ਬੱਚੇ ਦੀ ਭਾਲ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੀ ਜਾਂਚ ਕਰ ਰਹੀ ਹੈ।
ਸ਼ਿਵਾਨੀ ਨੇ ਇਹ ਵੀ ਦੋਸ਼ ਲਗਾਇਆ ਕਿ ਉਸਦਾ ਪਹਿਲਾ ਪਤੀ ਅਤੇ ਉਸਦੀ ਦੂਜੀ ਪਤਨੀ ਨਸ਼ਾ ਤਸਕਰੀ ਨਾਲ ਜੁੜੇ ਹੋਏ ਹਨ ਅਤੇ ਪਹਿਲਾਂ ਵੀ ਉਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਹਨ।

