June 22, 2026
#Punjab News

ਵੈਸ਼ਣੋ ਦੇਵੀ ਸਪੈਸ਼ਲ ਟ੍ਰੇਨ ‘ਚ ਧਮਾਕੇ ਵਰਗੀ ਆਵਾਜ਼ ਨਾਲ ਮਚੀ ਅਫਰਾ-ਤਫਰੀ, ਜਾਂਚ ‘ਚ ਸਾਹਮਣੇ ਆਈ ਤਕਨੀਕੀ ਖਰਾਬੀ

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਜਾ ਰਹੀ ਸਪੈਸ਼ਲ ਟ੍ਰੇਨ ‘ਚ ਅਚਾਨਕ ਧਮਾਕੇ ਵਰਗੀ ਤੇਜ਼ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣਦੇ ਹੀ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਕਈ ਲੋਕ ਘਬਰਾਹਟ ਵਿੱਚ ਆਪਣੀਆਂ ਸੀਟਾਂ ਛੱਡ ਕੇ ਬਾਹਰ ਨਿਕਲ ਆਏ।

ਰੇਲਵੇ ਅਤੇ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕੋਈ ਧਮਾਕਾ ਨਹੀਂ ਸੀ, ਸਗੋਂ ਟ੍ਰੇਨ ਦੀਆਂ ਬੋਗੀਆਂ ਵਿਚਕਾਰ ਆਈ ਤਕਨੀਕੀ ਖਰਾਬੀ ਕਾਰਨ ਜ਼ੋਰਦਾਰ ਝਟਕਾ ਲੱਗਾ, ਜਿਸ ਨਾਲ ਐਸ-2 ਕੋਚ ਦੇ ਟਾਇਲਟ ਵਾਲੇ ਹਿੱਸੇ ਵਿੱਚ ਦਰਾਰ ਆ ਗਈ ਅਤੇ ਕੁਝ ਸਟ੍ਰਕਚਰਲ ਨੁਕਸਾਨ ਹੋਇਆ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਵੀ ਯਾਤਰੀ ਜ਼ਖ਼ਮੀ ਨਹੀਂ ਹੋਇਆ।

ਦਿੱਲੀ ਤੋਂ ਕਟੜਾ ਜਾ ਰਹੀ ਸਪੈਸ਼ਲ ਟ੍ਰੇਨ (04081) ਗਰਮੀਆਂ ਦੀਆਂ ਛੁੱਟੀਆਂ ਕਾਰਨ ਪੂਰੀ ਤਰ੍ਹਾਂ ਭਰੀ ਹੋਈ ਸੀ। ਸਵੇਰੇ ਕਰੀਬ 9 ਵਜੇ ਟ੍ਰੇਨ ਲੁਧਿਆਣਾ ਸਟੇਸ਼ਨ ‘ਤੇ ਪਹੁੰਚੀ। ਜਿਵੇਂ ਹੀ ਟ੍ਰੇਨ ਅੱਗੇ ਵਧਣ ਲਈ ਤਿਆਰ ਹੋਈ ਤਾਂ ਅਚਾਨਕ ਤੇਜ਼ ਆਵਾਜ਼ ਗੂੰਜੀ, ਜਿਸ ਨਾਲ ਪਲੇਟਫਾਰਮ ‘ਤੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਜੀਆਰਪੀ, ਆਰਪੀਐਫ, ਸਥਾਨਕ ਪੁਲਿਸ ਅਤੇ ਰੇਲਵੇ ਅਧਿਕਾਰੀਆਂ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਯਾਤਰੀਆਂ ਨੂੰ ਸੁਰੱਖਿਆ ਦੇ ਤੌਰ ‘ਤੇ ਬੋਗੀ ਤੋਂ ਬਾਹਰ ਕੱਢਿਆ ਗਿਆ ਅਤੇ ਕੋਚ ਦੀ ਜਾਂਚ ਕੀਤੀ ਗਈ।

ਲੁਧਿਆਣਾ ਦੇ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਕਿਸੇ ਵੀ ਤਰ੍ਹਾਂ ਦੇ ਧਮਾਕੇ ਦੇ ਸਬੂਤ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਟ੍ਰੇਨ ਦੀ ਮੂਵਮੈਂਟ ਦੌਰਾਨ ਬੋਗੀਆਂ ਨੂੰ ਜੋੜਨ ਵਾਲੇ ਹਿੱਸੇ ਵਿੱਚ ਤਕਨੀਕੀ ਸਮੱਸਿਆ ਆਉਣ ਕਾਰਨ ਇਹ ਝਟਕਾ ਪੈਦਾ ਹੋਇਆ।

ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਸੰਜੀਵ ਕੁਮਾਰ ਵੀ ਮੌਕੇ ‘ਤੇ ਪਹੁੰਚੇ ਅਤੇ ਪੂਰੇ ਮਾਮਲੇ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਸੰਬੰਧਿਤ ਕੋਚ ਲਗਭਗ 15 ਸਾਲ ਪੁਰਾਣਾ ਹੈ ਅਤੇ ਅਸਲ ਕਾਰਨ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋ ਸਕੇਗੀ।

ਰੇਲਵੇ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦਿੱਲੀ ਤੋਂ ਵਿਸ਼ੇਸ਼ ਤਕਨੀਕੀ ਟੀਮ ਬੁਲਾਉਣ ਦਾ ਫੈਸਲਾ ਕੀਤਾ ਹੈ। ਇਹ ਟੀਮ ਪਤਾ ਲਗਾਏਗੀ ਕਿ ਨੁਕਸਾਨ ਸਿਰਫ਼ ਤਕਨੀਕੀ ਸੀ ਜਾਂ ਇਸ ਦੇ ਪਿੱਛੇ ਹੋਰ ਕੋਈ ਕਾਰਨ ਵੀ ਸੀ।