ਪੰਜਾਬ ਦੀ ਭਿਆਨਕ ਗਰਮੀ ਵੀ ਐਤਵਾਰ ਨੂੰ ਕ੍ਰਿਕਟ ਪ੍ਰੇਮੀਆਂ ਦੇ ਜਜ਼ਬੇ ਨੂੰ ਘਟਾ ਨਾ ਸਕੀ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਨਿਊ ਚੰਡੀਗੜ੍ਹ ਸਥਿਤ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਸਟੇਡੀਅਮ ਵਿੱਚ ਖੇਡੇ ਜਾ ਰਹੇ ਇਕਲੌਤੇ ਟੈਸਟ ਮੈਚ ਦੇ ਦੂਜੇ ਦਿਨ ਕਰੀਬ 10 ਹਜ਼ਾਰ ਦਰਸ਼ਕਾਂ ਨੇ ਸਟੇਡੀਅਮ ਪਹੁੰਚ ਕੇ ਕ੍ਰਿਕਟ ਲਈ ਆਪਣਾ ਪਿਆਰ ਦਰਸਾਇਆ।
ਭਾਰਤ ਦੇ 31ਵੇਂ ਟੈਸਟ ਵੇਨਿਊ ਵਜੋਂ ਨਿਊ ਚੰਡੀਗੜ੍ਹ ਨੂੰ ਕ੍ਰਿਕਟ ਪ੍ਰੇਮੀਆਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਤਿੱਖੀ ਧੁੱਪ ਅਤੇ ਗਰਮੀ ਦੇ ਬਾਵਜੂਦ ਦਰਸ਼ਕ ਸਟੈਂਡਾਂ ਵਿੱਚ ਬੈਠ ਕੇ ਮੈਚ ਦਾ ਲੁਤਫ਼ ਲੈਂਦੇ ਰਹੇ ਅਤੇ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਨਜ਼ਰ ਆਏ।
ਮੈਚ ਦੇ ਦੂਜੇ ਦਿਨ ਦੀ ਸ਼ੁਰੂਆਤ PCA ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਰਵਾਇਤੀ ਘੰਟੀ ਵਜਾ ਕੇ ਕੀਤੀ ਗਈ। ਇਸ ਦੌਰਾਨ ਇੱਕ ਖਾਸ ਪਲ ਵੀ ਵੇਖਣ ਨੂੰ ਮਿਲਿਆ, ਜਦੋਂ ਅਫਗਾਨਿਸਤਾਨ ਤੋਂ ਆਪਣੀ ਟੀਮ ਦਾ ਸਮਰਥਨ ਕਰਨ ਪਹੁੰਚੇ ਕ੍ਰਿਕਟ ਪ੍ਰੇਮੀ ਖਿਆਲ ਮੁਹੰਮਦ ਦਾ ਸਨਮਾਨ ਕੀਤਾ ਗਿਆ।
ਮੀਤ ਹੇਅਰ ਨੇ ਕਿਹਾ ਕਿ ਕ੍ਰਿਕਟ ਇੱਕ ਅਜਿਹਾ ਖੇਡ ਹੈ ਜੋ ਸਰਹੱਦਾਂ ਤੋਂ ਪਰੇ ਲੋਕਾਂ ਨੂੰ ਜੋੜਦਾ ਹੈ ਅਤੇ ਇਹ ਜਜ਼ਬਾ ਹੀ ਖੇਡ ਦੀ ਅਸਲੀ ਰੂਹ ਹੈ।
ਨਿਊ ਚੰਡੀਗੜ੍ਹ ਟੈਸਟ ਦੇ ਦੂਜੇ ਦਿਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਟੈਸਟ ਕ੍ਰਿਕਟ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਰੱਖਦੀ ਹੈ।

