June 23, 2026
#Tricity News

ਚੰਡੀਗੜ੍ਹ ‘ਚ 113.17 ਕਰੋੜ ਦੇ ਤਿੰਨ ਵੱਡੇ ਪ੍ਰੋਜੈਕਟਾਂ ਨੂੰ ਮਨਜ਼ੂਰੀ, ਮਨੀਮਾਜਰਾ ‘ਚ ਬਣੇਗਾ ਕ੍ਰਿਟੀਕਲ ਕੇਅਰ ਹਸਪਤਾਲ

ਚੰਡੀਗੜ੍ਹ ਦੇ ਲੋਕਾਂ ਲਈ ਸਿਹਤ ਅਤੇ ਸਿੱਖਿਆ ਖੇਤਰ ਨਾਲ ਜੁੜੀ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਚੁੱਕਦਿਆਂ ਤਿੰਨ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਪ੍ਰੋਜੈਕਟਾਂ ‘ਤੇ ਕੁੱਲ 113.17 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਮੰਗਲਵਾਰ ਨੂੰ ਯੂਟੀ ਦੇ ਚੀਫ਼ ਸੈਕਟਰੀ ਐਚ. ਰਾਜੇਸ਼ ਪ੍ਰਸਾਦ ਦੀ ਅਗਵਾਈ ਹੇਠ ਹੋਈ ਪ੍ਰੋਜੈਕਟ ਅਪ੍ਰੇਜ਼ਲ ਅਤੇ ਅਪ੍ਰੂਵਲ ਕਮੇਟੀ ਦੀ ਮੀਟਿੰਗ ਦੌਰਾਨ ਇਹ ਫੈਸਲੇ ਲਏ ਗਏ। ਮਨਜ਼ੂਰ ਕੀਤੇ ਗਏ ਪ੍ਰੋਜੈਕਟਾਂ ਵਿੱਚ ਮਨੀਮਾਜਰਾ ਸਬ-ਡਿਸਟ੍ਰਿਕਟ ਹਸਪਤਾਲ ਵਿੱਚ 50 ਬਿਸਤਰਿਆਂ ਵਾਲਾ ਕ੍ਰਿਟੀਕਲ ਕੇਅਰ ਹਸਪਤਾਲ, ਸੈਕਟਰ-28 ਵਿੱਚ ਆਯੁਸ਼ ਹੈਲਥ ਐਂਡ ਵੈੱਲਨੈੱਸ ਸੈਂਟਰ ਅਤੇ ਸੈਕਟਰ-27 ਸੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਨਵਾਂ ਅਕਾਦਮਿਕ ਬਲਾਕ ਬਣਾਉਣਾ ਸ਼ਾਮਲ ਹੈ।

ਮਨੀਮਾਜਰਾ ਵਿੱਚ ਬਣੇਗਾ 50 ਬਿਸਤਰਿਆਂ ਵਾਲਾ ਕ੍ਰਿਟੀਕਲ ਕੇਅਰ ਹਸਪਤਾਲ

ਮਨੀਮਾਜਰਾ ਵਿੱਚ ਬਣਨ ਵਾਲਾ ਇਹ ਕ੍ਰਿਟੀਕਲ ਕੇਅਰ ਹਸਪਤਾਲ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫਰਾਸਟ੍ਰਕਚਰ ਮਿਸ਼ਨ (PM-ABHIM) ਤਹਿਤ ਤਿਆਰ ਕੀਤਾ ਜਾਵੇਗਾ। ਇਸ ਪ੍ਰੋਜੈਕਟ ‘ਤੇ ਲਗਭਗ 83.89 ਕਰੋੜ ਰੁਪਏ ਖਰਚ ਹੋਣਗੇ, ਜਿਸ ਵਿੱਚੋਂ 16.63 ਕਰੋੜ ਰੁਪਏ ਦੀ ਸਹਾਇਤਾ ਮਿਸ਼ਨ ਤਹਿਤ ਮਿਲੇਗੀ।

ਇਹ ਹਸਪਤਾਲ 2.88 ਏਕੜ ਜ਼ਮੀਨ ‘ਤੇ ਬਣਾਇਆ ਜਾਵੇਗਾ। ਇਸ ਨਾਲ ਮਨੀਮਾਜਰਾ, ਮੌਲੀ ਜਾਗਰਾਂ ਅਤੇ ਆਈਟੀ ਪਾਰਕ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ।

ਸੈਕਟਰ-28 ਵਿੱਚ ਬਣੇਗਾ ਆਯੁਸ਼ ਵੈੱਲਨੈੱਸ ਸੈਂਟਰ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਯੁਸ਼ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸੈਕਟਰ-28 ਵਿੱਚ 20.88 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਆਯੁਸ਼ ਹੈਲਥ ਐਂਡ ਵੈੱਲਨੈੱਸ ਸੈਂਟਰ ਅਤੇ ਪ੍ਰਸ਼ਾਸਨਿਕ ਬਲਾਕ ਬਣਾਇਆ ਜਾਵੇਗਾ।

ਇਸ ਪ੍ਰੋਜੈਕਟ ਨਾਲ ਸੈਕਟਰ 26, 28, 29, 30, ਬਾਪੂ ਧਾਮ ਕਾਲੋਨੀ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ।

ਸੈਕਟਰ-27 ਦੇ ਸਕੂਲ ਵਿੱਚ ਬਣੇਗਾ ਨਵਾਂ ਅਕਾਦਮਿਕ ਬਲਾਕ

ਵੱਧ ਰਹੀਆਂ ਸਿੱਖਿਆਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸੈਕਟਰ-27 ਸੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ 8.4 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਤਿੰਨ ਮੰਜ਼ਿਲਾ (ਗ੍ਰਾਊਂਡ ਪਲੱਸ 2) ਅਕਾਦਮਿਕ ਬਲਾਕ ਬਣਾਇਆ ਜਾਵੇਗਾ।

ਇਸ ਨਵੇਂ ਬਲਾਕ ਵਿੱਚ 15 ਕਲਾਸਰੂਮ ਬਣਾਏ ਜਾਣਗੇ, ਜਿਸ ਨਾਲ ਕਰੀਬ 500 ਵਿਦਿਆਰਥੀਆਂ ਲਈ ਵਾਧੂ ਬੈਠਕ ਦੀ ਸੁਵਿਧਾ ਉਪਲਬਧ ਹੋਵੇਗੀ। ਇਸ ਨਾਲ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਵਿਦਿਆਰਥੀਆਂ ਨੂੰ ਬਿਹਤਰ ਪੜ੍ਹਾਈ ਦਾ ਮਾਹੌਲ ਮਿਲੇਗਾ।

ਇਸ ਅਹਿਮ ਮੀਟਿੰਗ ਵਿੱਚ ਹੋਮ ਸੈਕਟਰੀ ਮਨਦੀਪ ਸਿੰਘ ਬਰਾੜ, ਫਾਇਨੈਂਸ ਸੈਕਟਰੀ ਦੀਪ੍ਰਵਾ ਲਾਕੜਾ, ਸੈਕਟਰੀ ਇੰਜੀਨੀਅਰਿੰਗ ਪ੍ਰੇਰਣਾ ਪੁਰੀ, ਚੀਫ਼ ਇੰਜੀਨੀਅਰ ਸੀ.ਬੀ. ਓਝਾ ਅਤੇ ਚੀਫ਼ ਆਰਕੀਟੈਕਟ ਰਾਜੀਵ ਮਹਿਤਾ ਵੀ ਮੌਜੂਦ ਰਹੇ।