June 23, 2026
#Punjab News

ਆਦਮਪੁਰ ਹਵਾਈ ਅੱਡੇ ਨੂੰ ਮਿਲਿਆ ਨਵਾਂ ਨਾਮ, ਹੁਣ ‘ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ’ ਵਜੋਂ ਜਾਣਿਆ ਜਾਵੇਗਾ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਫ਼ੈਸਲੇ ਤਹਿਤ ਕੇਂਦਰ ਸਰਕਾਰ ਨੇ ਜਲੰਧਰ ਸਥਿਤ ਆਦਮਪੁਰ ਹਵਾਈ ਅੱਡੇ ਦਾ ਨਾਮ ਅਧਿਕਾਰਿਕ ਤੌਰ ‘ਤੇ ਬਦਲ ਕੇ ‘ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ’ ਰੱਖ ਦਿੱਤਾ ਹੈ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ 12 ਜੂਨ ਨੂੰ ਅਧਿਸੂਚਨਾ ਜਾਰੀ ਕਰਕੇ ਨਾਮ ਬਦਲਣ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ।

ਇਸ ਵਿਸ਼ੇਸ਼ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਨ ਸੰਤ, ਸਮਾਜ ਸੁਧਾਰਕ ਅਤੇ ਭਗਤੀ ਅੰਦੋਲਨ ਦੇ ਪ੍ਰਮੁੱਖ ਪ੍ਰੇਰਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਡਿਜ਼ੀਟਲ ਤੌਰ ‘ਤੇ ਨਵੀਂ ਨਾਮ-ਪੱਟੀ ਦਾ ਉਦਘਾਟਨ ਕੀਤਾ। ਉਨ੍ਹਾਂ ਗੁਰੂ ਜੀ ਦੇ ਸਮਾਜਿਕ ਬਰਾਬਰੀ, ਮਨੁੱਖਤਾ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਨਮਨ ਕਰਦਿਆਂ ਇਸ ਫ਼ੈਸਲੇ ਨੂੰ ਸਮਾਜਿਕ ਸਨਮਾਨ ਨਾਲ ਜੋੜਿਆ।

ਦੋਆਬਾ ਖੇਤਰ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਇਹ ਫ਼ੈਸਲਾ ਇਲਾਕੇ ਦੀ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ। ਆਦਮਪੁਰ ਹਵਾਈ ਅੱਡਾ ਜਲੰਧਰ, ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਲਈ ਹਵਾਈ ਯਾਤਰਾ ਦਾ ਇੱਕ ਮਹੱਤਵਪੂਰਨ ਕੇਂਦਰ ਰਿਹਾ ਹੈ ਅਤੇ ਹੁਣ ਇਹ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਨਾਲ ਇੱਕ ਨਵੀਂ ਪਛਾਣ ਪ੍ਰਾਪਤ ਕਰੇਗਾ।

ਨਾਮ ਬਦਲਣ ਦੀ ਅਧਿਕਾਰਿਕ ਘੋਸ਼ਣਾ ਤੋਂ ਬਾਅਦ ਪੰਜਾਬ ਸਮੇਤ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਸਦੇ ਗੁਰੂ ਰਵਿਦਾਸ ਜੀ ਦੇ ਅਨੁਯਾਈਆਂ ਵਿੱਚ ਖੁਸ਼ੀ ਦੀ ਲਹਿਰ ਹੈ। ਪ੍ਰਵਾਸੀ ਭਾਰਤੀਆਂ (ਐਨਆਰਆਈਜ਼) ਅਤੇ ਸਥਾਨਕ ਵਸਨੀਕਾਂ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਇਸਨੂੰ ਸਮਾਜਿਕ ਸਨਮਾਨ ਅਤੇ ਇਤਿਹਾਸਕ ਕਦਮ ਕਰਾਰ ਦਿੱਤਾ ਹੈ।

ਲੋਕਾਂ ਦਾ ਮੰਨਣਾ ਹੈ ਕਿ ਇਹ ਨਾਮਕਰਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ, ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ।