ਚੰਡੀਗੜ੍ਹ ਦੀ ਵਿਸ਼ਵ ਪ੍ਰਸਿੱਧ ਆਧੁਨਿਕ ਵਿਰਾਸਤ ਨਾਲ ਜੁੜੀਆਂ ਅਤੇ ਮਸ਼ਹੂਰ ਵਾਸਤੂਕਾਰ ਪੀਅਰੇ ਜੇਨੇਰੇਟ ਵੱਲੋਂ ਡਿਜ਼ਾਇਨ ਕੀਤੀਆਂ ਫਰਨੀਚਰ ਦੀਆਂ ਸੱਤ ਵਿਰਾਸਤੀ ਵਸਤੂਆਂ ਬੈਲਜੀਅਮ ਦੀ ਰਾਜਧਾਨੀ ਬ੍ਰੱਸਲਜ਼ ਵਿੱਚ ਹੋਈ ਇੱਕ ਅੰਤਰਰਾਸ਼ਟਰੀ ਨਿਲਾਮੀ ਦੌਰਾਨ ਲਗਭਗ 1.6 ਕਰੋੜ ਰੁਪਏ ਵਿੱਚ ਵੇਚੀਆਂ ਗਈਆਂ। ਇਹ ਵਿਕਰੀ ਉਸ ਵੇਲੇ ਹੋਈ ਜਦੋਂ ਵਿਰਾਸਤ ਸੰਰੱਖਣ ਕਾਰਕੁਨ ਅਜੈ ਜੱਗਾ ਵੱਲੋਂ ਨਿਲਾਮੀ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਇਸ ਸਬੰਧੀ ਸੂਚਿਤ ਕਰਕੇ ਦਖਲ ਦੀ ਮੰਗ ਕੀਤੀ ਗਈ ਸੀ।
18 ਜੂਨ ਨੂੰ ਹੋਈ ਇਸ ਨਿਲਾਮੀ ਵਿੱਚ ਕੁੱਲ 13 ਲਾਟਾਂ ਵਿੱਚ ਸ਼ਾਮਲ ਫਰਨੀਚਰ ਵਿੱਚੋਂ ਸੱਤ ਵਸਤੂਆਂ 1,60,938 ਯੂਰੋ (ਕਰੀਬ 1.61 ਕਰੋੜ ਰੁਪਏ) ਵਿੱਚ ਵਿਕੀਆਂ। ਇਹ ਨਿਲਾਮੀ ਫਰਾਂਸ ਦੀ ਮਸ਼ਹੂਰ ਨਿਲਾਮੀ ਸੰਸਥਾ PIASA ਵੱਲੋਂ ਕਰਵਾਈ ਗਈ ਸੀ।
ਚੰਡੀਗੜ੍ਹ ਹੈਰੀਟੇਜ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੈ ਜੱਗਾ ਨੇ ਨਿਲਾਮੀ ਤੋਂ ਪਹਿਲਾਂ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੱਤਰ ਲਿਖ ਕੇ ਇਸ ਵਿਕਰੀ ਨੂੰ ਰੋਕਣ ਲਈ ਤੁਰੰਤ ਕੂਟਨੀਤਿਕ ਦਖਲ ਦੀ ਮੰਗ ਕੀਤੀ ਸੀ। ਹਾਲਾਂਕਿ, ਇਸ ਦੇ ਬਾਵਜੂਦ ਨਿਲਾਮੀ ਆਪਣੇ ਨਿਰਧਾਰਿਤ ਕਾਰਜਕ੍ਰਮ ਅਨੁਸਾਰ ਕਰਵਾਈ ਗਈ।
ਨਿਲਾਮੀ ਵਿੱਚ ਵੇਚੀਆਂ ਗਈਆਂ ਵਸਤੂਆਂ ਦਾ ਸਬੰਧ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਭਵਨਾਂ, ਪੰਜਾਬ ਯੂਨੀਵਰਸਿਟੀ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਨਾਲ ਜੋੜਿਆ ਜਾ ਰਿਹਾ ਹੈ। ਅਜੈ ਜੱਗਾ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਵਸਤੂਆਂ ਦੀ ਮੂਲ ਉਤਪੱਤੀ ਅਤੇ ਸਰਕਾਰੀ ਸੰਸਥਾਵਾਂ ਤੋਂ ਬਾਹਰ ਪਹੁੰਚਣ ਦੇ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਲਈ ਇੱਕ ਸਥਾਈ ਅਲਰਟ ਸਿਸਟਮ ਤਿਆਰ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਨਿਲਾਮੀਆਂ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਇਸਦੇ ਨਾਲ ਹੀ ਚੰਡੀਗੜ੍ਹ ਵਿੱਚ ਬਚੇ ਪੀਅਰੇ ਜੇਨੇਰੇਟ ਅਤੇ ਲੇ ਕੋਰਬੁਜ਼ੀਏ ਵੱਲੋਂ ਡਿਜ਼ਾਇਨ ਕੀਤੇ ਗਏ ਫਰਨੀਚਰ ਨੂੰ ‘ਆਰਟ ਟ੍ਰੇਜ਼ਰ’ ਘੋਸ਼ਿਤ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਇਹ ਮਾਮਲਾ ਇੱਕ ਵਾਰ ਫਿਰ ਚੰਡੀਗੜ੍ਹ ਦੀ ਵਿਲੱਖਣ ਵਿਰਾਸਤ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰਦਾ ਹੈ ਅਤੇ ਸਰਕਾਰੀ ਸੰਸਥਾਵਾਂ ਦੀ ਜ਼ਿੰਮੇਵਾਰੀ ਨੂੰ ਚਰਚਾ ਵਿੱਚ ਲਿਆਉਂਦਾ ਹੈ।

