ਪੰਜਾਬ ਵਿੱਚ ਅੱਠਵੀਂ ਜਮਾਤ ਤੋਂ ਲੈ ਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਲਈ ਇੱਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਦਾਖਲੇ ਲਈ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ ਕਰਨ ਤੋਂ ਬਾਅਦ ਕਈ ਵਿਦਿਆਰਥੀਆਂ ਦੇ ਦਾਖਲੇ ਰੁਕ ਗਏ ਹਨ, ਕਿਉਂਕਿ ਉਨ੍ਹਾਂ ਦੇ ਜਨਮ ਸਰਟੀਫਿਕੇਟਾਂ ਵਿੱਚ ਨਾਮ ਦੀ ਥਾਂ ਸਿਰਫ਼ ‘ਲੜਕਾ’ ਜਾਂ ‘ਲੜਕੀ’ ਦਰਜ ਹੈ।
ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ 14 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ ਲਈ ਸਿਹਤ ਵਿਭਾਗ ਦਾ ਡਿਜੀਟਲ ਪੋਰਟਲ ਬੰਦ ਹੈ। ਇਸ ਕਾਰਨ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਅਣਿਸ਼ਚਿਤ ਹੋ ਗਿਆ ਹੈ।
14 ਸਾਲ ਤੋਂ ਬਾਅਦ ਨਾਮ ਦਰਜ ਕਰਨ ਦਾ ਰਾਹ ਬੰਦ
ਜਗਜੀਤ ਸਿੰਘ, ਜਿਸ ਨੂੰ ਦਸਵੀਂ ਜਮਾਤ ਵਿੱਚ ਦਾਖਲਾ ਲੈਣਾ ਹੈ, ਉਸ ਦੇ ਡਿਜੀਟਲ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਨਹੀਂ ਹੈ। ਉਸ ਦੀ ਉਮਰ 14 ਸਾਲ ਤੋਂ ਵੱਧ ਹੋਣ ਕਾਰਨ ਸਿਹਤ ਵਿਭਾਗ ਦੇ ਪੋਰਟਲ ‘ਤੇ ਨਾਮ ਸ਼ਾਮਲ ਕਰਨ ਲਈ ਅਰਜ਼ੀ ਵੀ ਨਹੀਂ ਹੋ ਸਕਦੀ।
ਇਹੀ ਹਾਲ ਨੰਦਨੀ ਸਮੇਤ ਕਈ ਹੋਰ ਵਿਦਿਆਰਥੀਆਂ ਦਾ ਵੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਜਨਮ ਸਮੇਂ ਹਸਪਤਾਲ ਵੱਲੋਂ ਨਾਮ ਦੀ ਥਾਂ ਸਿਰਫ਼ ‘ਲੜਕਾ’ ਜਾਂ ‘ਲੜਕੀ’ ਦਰਜ ਕਰ ਦਿੱਤਾ ਗਿਆ ਸੀ। ਹੁਣ ਜਦੋਂ ਬੱਚੇ ਉੱਚੀਆਂ ਜਮਾਤਾਂ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਤਾਂ ਨਾਮ ਦਰਜ ਕਰਵਾਉਣ ਦਾ ਕੋਈ ਰਸਤਾ ਨਹੀਂ ਬਚਿਆ।
ਸੇਵਾ ਕੇਂਦਰਾਂ ਵਿੱਚ ਵੀ ਨਹੀਂ ਹੋ ਰਹੀ ਅਰਜ਼ੀ ਸਵੀਕਾਰ
ਸੇਵਾ ਕੇਂਦਰਾਂ ਵਿੱਚ ਮਾਪਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ 14 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਲਈ ਸਿਸਟਮ ਅਰਜ਼ੀ ਸਵੀਕਾਰ ਹੀ ਨਹੀਂ ਕਰਦਾ। ਪੋਰਟਲ ਬੰਦ ਹੋਣ ਕਾਰਨ ਕਰਮਚਾਰੀ ਵੀ ਕੋਈ ਕਾਰਵਾਈ ਕਰਨ ਵਿੱਚ ਅਸਮਰੱਥ ਹਨ।
ਦਾਖਲਿਆਂ ‘ਤੇ ਸਿੱਧਾ ਅਸਰ
ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਤੋਂ ਬਾਅਦ ਉੱਚੀਆਂ ਜਮਾਤਾਂ ਜਾਂ ਕਾਲਜਾਂ ਵਿੱਚ ਦਾਖਲੇ ਲਈ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੈ। ਸਕੂਲ ਅਤੇ ਕਾਲਜ ਸਿਰਫ਼ ਉਹੀ ਸਰਟੀਫਿਕੇਟ ਮੰਨ ਰਹੇ ਹਨ, ਜਿਸ ‘ਤੇ ਵਿਦਿਆਰਥੀ ਦਾ ਸਹੀ ਨਾਮ ਦਰਜ ਹੋਵੇ। ਇਸ ਕਾਰਨ ਕਈ ਵਿਦਿਆਰਥੀਆਂ ਦੇ ਦਾਖਲੇ ਅਟਕ ਗਏ ਹਨ ਅਤੇ ਮਾਪੇ ਚਿੰਤਤ ਹਨ।
ਮਾਪਿਆਂ ਦੀ ਸਰਕਾਰ ਨੂੰ ਅਪੀਲ
ਪ੍ਰਭਾਵਿਤ ਪਰਿਵਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 14 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ ਵਾਲਾ ਪੋਰਟਲ ਤੁਰੰਤ ਮੁੜ ਚਾਲੂ ਕੀਤਾ ਜਾਵੇ। ਨਾਲ ਹੀ ਸਕੂਲੀ ਰਿਕਾਰਡ ਅਤੇ ਆਧਾਰ ਕਾਰਡ ਦੇ ਆਧਾਰ ‘ਤੇ ਨਾਮ ਦਰਜ ਕਰਨ ਦੀ ਪ੍ਰਕਿਰਿਆ ਆਸਾਨ ਬਣਾਈ ਜਾਵੇ, ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।

