August 12, 2026
#Punjab News

SGPC ਦੀ ਚਿਤਾਵਨੀ: ਬਿਨਾਂ ਮਨਜ਼ੂਰੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਬਿਨਾਂ ਮਨਜ਼ੂਰੀ ਗੁਰਬਾਣੀ ਦਾ ਲਾਈਵ ਪ੍ਰਸਾਰਣ ਜਾਂ ਰੀਲੇਅ ਕਰਨ ਵਾਲੇ ਚੈਨਲਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦਾ ਅਧਿਕਾਰ SGPC ਕੋਲ ਹੈ। ਉਨ੍ਹਾਂ ਖ਼ਾਸ ਤੌਰ ’ਤੇ GTC ਨੈੱਟਵਰਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਕੋਈ SGPC ਦੇ ਯੂਟਿਊਬ ਚੈਨਲ ਤੋਂ ਸਿਗਨਲ ਲੈ ਕੇ ਬਿਨਾਂ ਇਜਾਜ਼ਤ ਇਸ ਨੂੰ ਆਪਣੇ ਪਲੇਟਫਾਰਮ ’ਤੇ ਰੀਲੇਅ ਕਰਦਾ ਹੈ ਤਾਂ ਇਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ, GTC ਨੈੱਟਵਰਕ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਡਾ. ਰਬਿੰਦਰ ਨਾਰਾਇਣ ਨੇ ਦੱਸਿਆ ਕਿ ਉਨ੍ਹਾਂ ਵੱਲੋਂ SGPC ਦੇ ਯੂਟਿਊਬ ਚੈਨਲ ਤੋਂ ਮਿਲ ਰਹੇ ਸਿਗਨਲ ਨੂੰ ਸੈਟੇਲਾਈਟ ਅਤੇ ਹੋਰ ਡਿਜੀਟਲ ਪਲੇਟਫਾਰਮਾਂ ਰਾਹੀਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਇਸ ਸਬੰਧੀ SGPC ਨੂੰ ਲਿਖਤੀ ਤੌਰ ’ਤੇ ਜਾਣਕਾਰੀ ਵੀ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ GTC ਪੰਜਾਬੀ ਵੱਲੋਂ ਵੀ ਸ੍ਰੀ ਹਰਿਮੰਦਰ ਸਾਹਿਬ ਤੋਂ ਦਿਨ ਵਿੱਚ ਦੋ ਵਾਰ ਗੁਰਬਾਣੀ ਦਾ ਲਾਈਵ ਪ੍ਰਸਾਰਣ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਰੀਬ 1000 ਡਿਜੀਟਲ ਪਲੇਟਫਾਰਮ ਗੁਰਬਾਣੀ ਦੇ ਪ੍ਰਸਾਰਣ ਨੂੰ ਆਪਣੇ-ਆਪਣੇ ਮਾਧਿਅਮਾਂ ’ਤੇ ਰੀਲੇਅ ਕਰ ਰਹੇ ਹਨ।

SGPC ਇਸ ਸਮੇਂ ਆਪਣੇ ਅਧਿਕਾਰਤ ਯੂਟਿਊਬ ਚੈਨਲ “SGPC Sri Amritsar” ਤੋਂ ਇਲਾਵਾ ਫੇਸਬੁੱਕ, ਅਧਿਕਾਰਤ ਵੈੱਬਸਾਈਟ ਅਤੇ ਐਪ ਰਾਹੀਂ ਵੀ ਗੁਰਬਾਣੀ ਦਾ ਪ੍ਰਸਾਰਣ ਕਰ ਰਹੀ ਹੈ।

ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰਾਂ ਨੂੰ ਲੈ ਕੇ ਇਹ ਮਾਮਲਾ ਲੰਮੇ ਸਮੇਂ ਤੋਂ ਚਰਚਾ ਵਿੱਚ ਰਿਹਾ ਹੈ। ਹੁਣ SGPC ਦੀ ਤਾਜ਼ਾ ਚਿਤਾਵਨੀ ਤੋਂ ਬਾਅਦ ਗੁਰਬਾਣੀ ਦੇ ਲਾਈਵ ਸਿਗਨਲ ਨੂੰ ਹੋਰ ਪਲੇਟਫਾਰਮਾਂ ’ਤੇ ਰੀਲੇਅ ਕਰਨ ਦੇ ਮਾਮਲੇ ਨੇ ਮੁੜ ਤੂਲ ਫੜ ਲਿਆ ਹੈ।