August 12, 2026
#Punjab News

Punjab News: ਬਟਾਲਾ ਗਰਨੇਡ ਹਮਲਾ ਮਾਮਲੇ ’ਚ ਤੀਜਾ ਮੁਲਜ਼ਮ ਕਾਬੂ, ਪੁਲੀਸ ਨੇ ਖੋਲ੍ਹੇ ਅੱਤਵਾਦੀ ਮਾਡਿਊਲ ਨਾਲ ਜੁੜੇ ਲਿੰਕ

ਬਟਾਲਾ: ਪੰਜਾਬ ਪੁਲੀਸ ਨੇ 1 ਅਗਸਤ ਨੂੰ ਬਟਾਲਾ ਦੀ ਅਰਬਨ ਅਸਟੇਟ ਪੁਲੀਸ ਚੌਕੀ ’ਤੇ ਹੋਏ ਗਰਨੇਡ ਹਮਲੇ ਦੀ ਜਾਂਚ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਤੀਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਇਸ ਤੋਂ ਪਹਿਲਾਂ ਦੋ ਨਾਬਾਲਗਾਂ ਨੂੰ ਵੀ ਕਾਬੂ ਕੀਤਾ ਜਾ ਚੁੱਕਾ ਹੈ। ਹਮਲੇ ਦੌਰਾਨ ਕਿਸੇ ਵਿਅਕਤੀ ਦੀ ਜਾਨ ਨਹੀਂ ਗਈ ਸੀ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਲੰਧਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਬਟਾਲਾ ਪੁਲੀਸ ਨਾਲ ਸਾਂਝੇ ਖੁਫੀਆ ਅਪਰੇਸ਼ਨ ਦੌਰਾਨ ਤੀਜੇ ਮੁਲਜ਼ਮ ਨੂੰ ਕਾਬੂ ਕੀਤਾ। ਪੁਲੀਸ ਮੁਤਾਬਕ ਮੁੱਢਲੀ ਜਾਂਚ ਵਿੱਚ ਉਸ ਦੇ ਇੱਕ ਵਿਦੇਸ਼ ਬੈਠੇ ਕਥਿਤ ਹੈਂਡਲਰ ਨਾਲ ਸਬੰਧ ਸਾਹਮਣੇ ਆਏ ਹਨ।

ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪੁਲੀਸ ਚੌਕੀ ’ਤੇ ਹੋਏ ਹਮਲੇ ਵਿੱਚ ਸ਼ਾਮਲ ਸੀ। ਪੁਲੀਸ ਮੁਤਾਬਕ ਹਮਲੇ ਨੂੰ ਵਿਦੇਸ਼ ਵਿੱਚ ਬੈਠੇ ਕਥਿਤ ਆਕਾ ਦੇ ਨਿਰਦੇਸ਼ਾਂ ’ਤੇ ਅੰਜਾਮ ਦਿੱਤਾ ਗਿਆ।

ਡੀਜੀਪੀ ਅਨੁਸਾਰ, ਹਮਲੇ ਤੋਂ ਬਾਅਦ ਮੁਲਜ਼ਮ ਲੁਕਿਆ ਹੋਇਆ ਸੀ ਅਤੇ ਕਥਿਤ ਤੌਰ ’ਤੇ ਪੰਜਾਬ ਦੇ ਹੋਰ ਪੁਲੀਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਤਿਆਰ ਕਰ ਰਿਹਾ ਸੀ

ਪੰਜਾਬ ਪੁਲੀਸ ਹੁਣ ਇਸ ਮਾਮਲੇ ਨਾਲ ਜੁੜੇ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਜਾਂਚ ਦਾ ਮਕਸਦ ਵਿਦੇਸ਼ ਬੈਠੇ ਕਥਿਤ ਹੈਂਡਲਰਾਂ, ਸਥਾਨਕ ਸਹਿਯੋਗੀਆਂ ਅਤੇ ਇਸ ਮਾਡਿਊਲ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨਾ ਹੈ।

ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।