August 13, 2026
#Tricity News

Chandigarh Crime: ਲੇਜ਼ਰ ਵੈਲੀ ਪਾਰਕਿੰਗ ‘ਚ 15 ਹਥਿਆਰਬੰਦ ਹਮਲਾਵਰਾਂ ਦਾ ਤਾਂਡਵ, ਹਾਈਕੋਰਟ ਦੇ ਵਕੀਲ ਦੇ ਪੁੱਤ ਸਮੇਤ 2 ਨੌਜਵਾਨ ਗੰਭੀਰ ਜ਼ਖ਼ਮੀ

ਚੰਡੀਗੜ੍ਹ: ਸ਼ਹਿਰ ਦੇ ਸਭ ਤੋਂ ਸੁਰੱਖਿਅਤ ਅਤੇ ਵੀਆਈਪੀ ਮੰਨੇ ਜਾਂਦੇ ਸੈਕਟਰ-10 ਵਿੱਚ ਮੰਗਲਵਾਰ ਸ਼ਾਮ ਦਿਨ-ਦਿਹਾੜੇ ਵਾਪਰੀ ਹਿੰਸਕ ਵਾਰਦਾਤ ਨੇ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਡੀਏਵੀ ਕਾਲਜ ਨੇੜੇ ਲੇਜ਼ਰ ਵੈਲੀ ਪਾਰਕਿੰਗ ਵਿੱਚ ਤਿੰਨ ਐੱਸਯੂਵੀ ਗੱਡੀਆਂ ਵਿੱਚ ਸਵਾਰ 12 ਤੋਂ 15 ਹਥਿਆਰਬੰਦ ਹਮਲਾਵਰਾਂ ਨੇ ਦੋ ਨੌਜਵਾਨਾਂ ਨੂੰ ਕਾਰ ਵਿੱਚੋਂ ਘਸੀਟ ਕੇ ਤਲਵਾਰਾਂ ਅਤੇ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ।

ਹਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਦੇ ਇੱਕ ਵਕੀਲ ਦੇ ਪੁੱਤਰ ਵਿਓਮ (21) ਅਤੇ ਉਸ ਦੇ ਦੋਸਤ ਅਭਿਉਦਯ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਡਾਕਟਰਾਂ ਅਨੁਸਾਰ ਵਿਓਮ ਦੇ ਹੱਥ ’ਤੇ ਤਲਵਾਰ ਦਾ ਡੂੰਘਾ ਵਾਰ ਲੱਗਣ ਕਾਰਨ 20 ਟਾਂਕੇ ਲਗਾਉਣੇ ਪਏ, ਜਦਕਿ ਅਭਿਉਦਯ ਦੇ ਹੱਥ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਗੰਭੀਰ ਸੱਟਾਂ ਆਈਆਂ ਹਨ।

ਪੀੜਤ ਵਿਓਮ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਕਾਰ ਵਿੱਚ ਬੈਠਾ ਸੀ, ਜਦੋਂ ਇੱਕ ਨੌਜਵਾਨ ਅਚਾਨਕ ਕਾਰ ਕੋਲ ਆਇਆ ਅਤੇ ਦਰਵਾਜ਼ਾ ਖੋਲ੍ਹਦਿਆਂ ਹੀ ਤਲਵਾਰ ਨਾਲ ਹਮਲਾ ਕਰ ਦਿੱਤਾ। ਕੁਝ ਹੀ ਪਲਾਂ ਵਿੱਚ ਤਿੰਨ ਗੱਡੀਆਂ ਵਿੱਚ ਸਵਾਰ ਹੋਰ ਹਮਲਾਵਰ ਵੀ ਉੱਥੇ ਪਹੁੰਚ ਗਏ। ਹਮਲਾਵਰਾਂ ਨੇ ਦੋਵਾਂ ਨੂੰ ਕਾਰ ਵਿੱਚੋਂ ਬਾਹਰ ਘਸੀਟ ਕੇ ਜ਼ਮੀਨ ’ਤੇ ਸੁੱਟਿਆ ਅਤੇ ਤਲਵਾਰਾਂ ਤੇ ਡੰਡਿਆਂ ਨਾਲ ਲਗਾਤਾਰ ਹਮਲਾ ਕਰਦੇ ਰਹੇ।

ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀਆਂ ਨੂੰ ਉਨ੍ਹਾਂ ਦੇ ਦੋਸਤਾਂ ਵੱਲੋਂ ਤੁਰੰਤ ਸੈਕਟਰ-16 ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਵਿਓਮ ਨਿਊ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਹੈਦਰਾਬਾਦ ਵਿੱਚ ਪੜ੍ਹਾਈ ਕਰਦਾ ਹੈ। ਉਹ ਛੁੱਟੀਆਂ ਮਨਾਉਣ ਲਈ ਘਰ ਆਇਆ ਹੋਇਆ ਸੀ, ਜਦਕਿ ਅਭਿਉਦਯ ਬੱਦੀ ਦਾ ਵਸਨੀਕ ਹੈ ਅਤੇ ਡੀਏਵੀ ਕਾਲਜ ਵਿੱਚ ਪੜ੍ਹਦਾ ਹੈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੈਕਟਰ-3 ਥਾਣਾ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਹਮਲਾਵਰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ।