August 12, 2026
#Tricity News

Dera Bassi News: ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਬੇਸਹਾਰਾ ਪਸ਼ੂਆਂ ਦਾ ਕਹਿਰ, ਹਾਦਸਿਆਂ ਦਾ ਵਧਿਆ ਖ਼ਤਰਾ

ਡੇਰਾਬਸੀ-ਲਾਲੜੂ ਖੇਤਰ ਵਿੱਚ ਸੜਕਾਂ ਤੇ ਡਿਵਾਈਡਰਾਂ ’ਤੇ ਪਸ਼ੂਆਂ ਦਾ ਜਮਾਵੜਾ, ‘ਗਊ ਸੈੱਸ’ ਦੀ ਵਰਤੋਂ ’ਤੇ ਲੋਕਾਂ ਨੇ ਚੁੱਕੇ ਸਵਾਲ

ਡੇਰਾਬਸੀ: ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਸਮੇਤ ਡੇਰਾਬਸੀ ਅਤੇ ਲਾਲੜੂ ਖੇਤਰ ਦੀਆਂ ਸੜਕਾਂ ’ਤੇ ਘੁੰਮ ਰਹੇ ਬੇਸਹਾਰਾ ਪਸ਼ੂ ਲੋਕਾਂ ਲਈ ਵੱਡੀ ਮੁਸੀਬਤ ਬਣਦੇ ਜਾ ਰਹੇ ਹਨ। ਕੌਮੀ ਮਾਰਗ ਦੇ ਡਿਵਾਈਡਰਾਂ ਅਤੇ ਸੜਕਾਂ ਦੇ ਵਿਚਕਾਰ ਬੈਠੇ ਪਸ਼ੂਆਂ ਕਾਰਨ ਵਾਹਨ ਚਾਲਕਾਂ ਲਈ ਹਰ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਸਥਾਨਕ ਵਸਨੀਕਾਂ ਮੁਤਾਬਕ ਕਈ ਵਾਰ ਪਸ਼ੂ ਅਚਾਨਕ ਵਾਹਨਾਂ ਦੇ ਸਾਹਮਣੇ ਆ ਜਾਂਦੇ ਹਨ। ਦਿਨ ਸਮੇਂ ਤਾਂ ਵਾਹਨ ਚਾਲਕ ਕਿਸੇ ਤਰ੍ਹਾਂ ਬਚਾਅ ਕਰ ਲੈਂਦੇ ਹਨ, ਪਰ ਰਾਤ ਵੇਲੇ ਸੜਕ ਜਾਂ ਡਿਵਾਈਡਰ ’ਤੇ ਬੈਠੇ ਪਸ਼ੂ ਦੂਰੋਂ ਨਜ਼ਰ ਨਾ ਆਉਣ ਕਾਰਨ ਸਥਿਤੀ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ। ਖ਼ਾਸ ਕਰਕੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਇਹ ਸਮੱਸਿਆ ਗੰਭੀਰ ਬਣੀ ਹੋਈ ਹੈ।

ਗਊ ਸੈੱਸ ਦੇ ਬਾਵਜੂਦ ਸਮੱਸਿਆ ਬਰਕਰਾਰ

ਲੋਕਾਂ ਨੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਸਥਾਨਕ ਸੰਸਥਾਵਾਂ ਵੱਲੋਂ ‘ਗਊ ਸੈੱਸ’ ਦੇ ਨਾਂ ’ਤੇ ਰਕਮ ਇਕੱਠੀ ਕੀਤੀ ਜਾਂਦੀ ਹੈ, ਪਰ ਇਸ ਦੇ ਬਾਵਜੂਦ ਸੜਕਾਂ ’ਤੇ ਘੁੰਮਦੇ ਪਸ਼ੂਆਂ ਦੀ ਗਿਣਤੀ ਘਟਣ ਦੀ ਬਜਾਏ ਸਮੱਸਿਆ ਲਗਾਤਾਰ ਬਣੀ ਹੋਈ ਹੈ।

ਵਸਨੀਕਾਂ ਨੇ ਮੰਗ ਕੀਤੀ ਹੈ ਕਿ ਸੜਕਾਂ ’ਤੇ ਘੁੰਮਦੇ ਪਸ਼ੂਆਂ ਨੂੰ ਫੜਨ ਲਈ ਨਿਯਮਤ ਮੁਹਿੰਮ ਚਲਾਈ ਜਾਵੇ ਅਤੇ ਉਨ੍ਹਾਂ ਨੂੰ ਸਰਕਾਰੀ ਜਾਂ ਅਧਿਕਾਰਤ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਇਸ ਸਮੱਸਿਆ ਦਾ ਸਥਾਈ ਹੱਲ ਕਰਨਾ ਜ਼ਰੂਰੀ ਹੈ।

ਅੰਦਰੂਨੀ ਸੜਕਾਂ ’ਤੇ ਵੀ ਪਰੇਸ਼ਾਨੀ

ਡੇਰਾਬਸੀ ਅਤੇ ਲਾਲੜੂ ਦੀਆਂ ਅੰਦਰੂਨੀ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਇਸ ਕਾਰਨ ਪੈਦਲ ਚੱਲਣ ਵਾਲੇ ਲੋਕਾਂ, ਬੱਚਿਆਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਥਾਨਕ ਵਸਨੀਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੰਬਾਲਾ-ਚੰਡੀਗੜ੍ਹ ਮਾਰਗ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਸੜਕਾਂ ਤੋਂ ਪਸ਼ੂਆਂ ਨੂੰ ਹਟਾਇਆ ਜਾਵੇ। ਇਸ ਦੇ ਨਾਲ ਹੀ ‘ਗਊ ਸੈੱਸ’ ਰਾਹੀਂ ਇਕੱਠੀ ਕੀਤੀ ਜਾਣ ਵਾਲੀ ਰਕਮ ਦੀ ਵਰਤੋਂ ਬਾਰੇ ਵੀ ਪਾਰਦਰਸ਼ਤਾ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ।

ਅਧਿਕਾਰੀਆਂ ਨੇ ਦਿੱਤਾ ਕਾਰਵਾਈ ਦਾ ਭਰੋਸਾ

ਮਾਮਲੇ ਸਬੰਧੀ ਨਗਰ ਕੌਂਸਲ ਡੇਰਾਬਸੀ ਦੇ ਈਓ ਰਵਨੀਤ ਸਿੰਘ ਅਤੇ ਲਾਲੜੂ ਦੇ ਅਸ਼ੋਕ ਪੱਥਰੀਆ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਨੂੰ ਜਲਦ ਹੀ ਸਰਕਾਰੀ ਗਊਸ਼ਾਲਾ ਵਿੱਚ ਭੇਜਣ ਲਈ ਪ੍ਰਬੰਧ ਕੀਤਾ ਜਾਵੇਗਾ।

ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਨਾਲ ਅੰਬਾਲਾ-ਚੰਡੀਗੜ੍ਹ ਮਾਰਗ ’ਤੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਕਿੰਨੀ ਜਲਦੀ ਕਾਬੂ ਵਿੱਚ ਆਉਂਦੀ ਹੈ।