August 12, 2026
#Tricity News

Chandigarh Weather: ਚੰਡੀਗੜ੍ਹ ਵਿੱਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਗਰਮੀ ਤੋਂ ਮਿਲੀ ਵੱਡੀ ਰਾਹਤ

ਚੰਡੀਗੜ੍ਹ: ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਮੌਨਸੂਨ ਸਰਗਰਮ ਹੋ ਗਿਆ ਹੈ। ਸ਼ਹਿਰ ਵਿੱਚ ਪਿਛਲੇ ਕਰੀਬ ਇੱਕ ਘੰਟੇ ਤੋਂ ਹੋ ਰਹੇ ਹਲਕੇ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ ਅਤੇ ਲੋਕਾਂ ਨੂੰ ਉਮਸ ਭਰੀ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ। ਮੀਂਹ ਦੇ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਸਵੇਰ ਤੋਂ ਹੀ ਮੌਸਮ ਸੁਖਦਾਈ ਬਣਿਆ ਹੋਇਆ ਹੈ।

ਮੀਂਹ ਪੈਣ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ‘ਤੇ ਠੰਡੀ ਹਵਾ ਦਾ ਅਹਿਸਾਸ ਹੋਇਆ ਅਤੇ ਲੋਕਾਂ ਨੇ ਇਸ ਬਦਲੇ ਹੋਏ ਮੌਸਮ ਦਾ ਖੁੱਲ੍ਹ ਕੇ ਆਨੰਦ ਮਾਣਿਆ। ਮੌਸਮ ਵਿੱਚ ਆਈ ਠੰਢਕ ਨਾਲ ਗਰਮੀ ਅਤੇ ਨਮੀ ਤੋਂ ਵੀ ਕਾਫ਼ੀ ਰਾਹਤ ਮਹਿਸੂਸ ਕੀਤੀ ਗਈ।

ਮੌਸਮ ਵਿਭਾਗ ਅਨੁਸਾਰ 11 ਤੋਂ 13 ਅਗਸਤ ਤੱਕ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਹਲਕੇ ਤੋਂ ਦਰਮਿਆਨੇ ਅਤੇ ਕੁਝ ਖੇਤਰਾਂ ਵਿੱਚ ਤੇਜ਼ ਮੀਂਹ ਵੀ ਦਰਜ ਕੀਤਾ ਜਾ ਸਕਦਾ ਹੈ।

ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਤੱਕ ਘੱਟ ਹੋ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਹੋਰ ਰਾਹਤ ਮਿਲਣ ਦੀ ਉਮੀਦ ਹੈ।