ਚੰਡੀਗੜ੍ਹ: ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਨਸ਼ੇ ਦੀ ਹਾਲਤ ਵਿੱਚ ਦੋ ਨੌਜਵਾਨਾਂ ਦੀ ਇੱਕ ਵੀਡੀਓ ਸਾਂਝੀ ਕਰਕੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਪੰਜਾਬ ਪੁਲੀਸ ਨੇ ਤੁਰੰਤ ਇਸ ਦਾ ਜਵਾਬ ਦਿੱਤਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਵਾਇਰਲ ਵੀਡੀਓ ਪੰਜਾਬ ਦੀ ਨਹੀਂ, ਸਗੋਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੀ ਹੈ ਅਤੇ ਕਿਸੇ ਵੀ ਤੱਥ ਦੀ ਪੁਸ਼ਟੀ ਕੀਤੇ ਬਿਨਾਂ ਅਜਿਹੀ ਸਮੱਗਰੀ ਸਾਂਝੀ ਕਰਨਾ ਗਲਤ ਹੈ।
ਹਰਭਜਨ ਸਿੰਘ ਨੇ ਆਪਣੀ ਪੋਸਟ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨੇ ਘੇਰਨ ਦੀ ਚਿੰਤਾ ਜ਼ਾਹਰ ਕਰਦਿਆਂ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਲਿਖਿਆ ਕਿ ਪੰਜਾਬ ਦੀ ਚੜ੍ਹਦੀ ਕਲਾ ਵਾਲੀ ਪਛਾਣ ਨੂੰ ਨਸ਼ਿਆਂ ਨੇ ਨੁਕਸਾਨ ਪਹੁੰਚਾਇਆ ਹੈ ਅਤੇ ਸਰਕਾਰ ਨੂੰ ਇਸ ਮਾਮਲੇ ‘ਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸ ਨੂੰ ਪੰਜਾਬ ਨਾਲ ਜੋੜਦਿਆਂ ਸਰਕਾਰ ਅਤੇ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ। ਇਸ ਤੋਂ ਬਾਅਦ ਪੰਜਾਬ ਪੁਲੀਸ ਨੇ ਜਾਂਚ ਕਰਕੇ ਸਪੱਸ਼ਟ ਕੀਤਾ ਕਿ ਵੀਡੀਓ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ।
ਪੰਜਾਬ ਪੁਲੀਸ ਨੇ ਆਪਣੇ ਅਧਿਕਾਰਕ ਬਿਆਨ ਵਿੱਚ ਕਿਹਾ ਕਿ ਸਾਂਝੀ ਕੀਤੀ ਗਈ ਵੀਡੀਓ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੀ ਹੈ। ਪੁਲੀਸ ਨੇ ਕਿਹਾ, “ਵੀਡੀਓ ‘ਤੇ ਪੰਜਾਬੀ ਆਡੀਓ ਟਰੈਕ ਲਗਾ ਦੇਣ ਨਾਲ ਕੋਈ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ।” ਪੁਲੀਸ ਨੇ ਹਰਭਜਨ ਸਿੰਘ ਅਤੇ ਹੋਰ ਸੋਸ਼ਲ ਮੀਡੀਆ ਵਰਤੋਂਕਾਰਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਸਮੱਗਰੀ ਪੋਸਟ ਕਰਨ ਜਾਂ ਪੰਜਾਬ ਪੁਲੀਸ ਨੂੰ ਟੈਗ ਕਰਨ ਤੋਂ ਪਹਿਲਾਂ ਉਸ ਦੇ ਤੱਥ ਅਤੇ ਸਥਾਨ ਦੀ ਪੂਰੀ ਤਸਦੀਕ ਕਰਨੀ ਚਾਹੀਦੀ ਹੈ।
ਪੁਲੀਸ ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਮਾਮਲੇ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ। ਕਈ ਯੂਜ਼ਰਾਂ ਨੇ ਤੱਥਾਂ ਦੀ ਜਾਂਚ ਕੀਤੇ ਬਿਨਾਂ ਵੀਡੀਓ ਸਾਂਝੀ ਕਰਨ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ, ਜਦਕਿ ਕੁਝ ਲੋਕਾਂ ਨੇ ਪੰਜਾਬ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੁੰਮਰਾਹਕੁੰਨ ਪੋਸਟਾਂ ਤੋਂ ਬਚਣ ਦੀ ਅਪੀਲ ਕੀਤੀ।

