ਚੰਡੀਗੜ੍ਹ ਦੇ ਸੈਕਟਰ-11 ਸਥਿਤ ਸ਼੍ਰੀਕੁਮਾਰ ਕੈਮਿਸਟ ਸ਼ਾਪ ਦੇ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਵਾਰਦਾਤ ਵਿੱਚ ਸ਼ਾਮਲ ਦੋ ਸ਼ੂਟਰਾਂ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਚੰਡੀਗੜ੍ਹ ਲਿਆਂਦੇ ਸਮੇਂ ਧਨਾਸ ਜੰਗਲ ਨੇੜੇ ਇੱਕ ਨਾਟਕੀ ਘਟਨਾ ਵਾਪਰੀ, ਜਿੱਥੇ ਦੋਵੇਂ ਮੁਲਜ਼ਮਾਂ ਨੇ ਪੁਲਿਸ ਤੋਂ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ‘ਤੇ ਗੋਲੀਬਾਰੀ ਵੀ ਕੀਤੀ।
ਆਈਜੀ ਪੁਸ਼ਪੇਂਦਰ ਕੁਮਾਰ ਮੁਤਾਬਕ, ਦੋਵੇਂ ਮੁਲਜ਼ਮਾਂ ਦੀ ਪਛਾਣ 22 ਸਾਲਾ ਸੰਨੀ ਮਹਿਰਾ ਅਤੇ 21 ਸਾਲਾ ਆਰਯਨ ਸ਼ਰਮਾ ਵਜੋਂ ਹੋਈ ਹੈ, ਜੋ ਜੰਮੂ ਦੇ ਰਹਿਣ ਵਾਲੇ ਹਨ। ਪੁਲਿਸ ਟੀਮ ਜਦੋਂ ਉਨ੍ਹਾਂ ਨੂੰ ਚੰਡੀਗੜ੍ਹ ਲੈ ਕੇ ਆ ਰਹੀ ਸੀ ਤਾਂ ਧਨਾਸ ਨੇੜੇ ਪੁਲਿਸ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਮੁਲਜ਼ਮਾਂ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਹਥਿਆਰ ਖੋਹ ਲਏ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ।
ਪੁਲਿਸ ਅਨੁਸਾਰ, ਮੁਲਜ਼ਮਾਂ ਨੇ ਭੱਜਦੇ ਹੋਏ ਦੋ ਰਾਊਂਡ ਫਾਇਰਿੰਗ ਕੀਤੀ। ਚੇਤਾਵਨੀ ਦੇਣ ਦੇ ਬਾਵਜੂਦ ਜਦੋਂ ਉਹ ਨਹੀਂ ਰੁਕੇ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਮੁਕਾਬਲੇ ਦੌਰਾਨ ਕੁੱਲ ਛੇ ਰਾਊਂਡ ਗੋਲੀਆਂ ਚੱਲੀਆਂ, ਜਿਸ ਵਿੱਚ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ ਅਤੇ ਉਨ੍ਹਾਂ ਨੂੰ ਮੁੜ ਕਾਬੂ ਕਰ ਲਿਆ ਗਿਆ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਤੀਜਾ ਮੁਲਜ਼ਮ ਅਮਿਤ ਅਜੇ ਵੀ ਫਰਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਕਤਲ ਵਿੱਚ ਵਰਤੇ ਗਏ ਹਥਿਆਰ ਵੀ ਅਜੇ ਤੱਕ ਬਰਾਮਦ ਨਹੀਂ ਹੋਏ ਹਨ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਹਥਿਆਰ ਫਰਾਰ ਮੁਲਜ਼ਮ ਕੋਲ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ 13 ਜੂਨ ਨੂੰ ਸੈਕਟਰ-11 ਦੀ ਭੀੜਭਾੜ ਵਾਲੀ ਮਾਰਕੀਟ ਵਿੱਚ ਦਿਨ ਦਿਹਾੜੇ ਕੈਸ਼ੀਅਰ ਜਾਨਕੀ ਦਾਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਸ਼ਹਿਰ ਭਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਅਤੇ ਪੁਲਿਸ ਨੇ ਐਸਆਈਟੀ ਗਠਿਤ ਕਰਕੇ ਜਾਂਚ ਸ਼ੁਰੂ ਕੀਤੀ ਸੀ। ਹੁਣ ਗ੍ਰਿਫ਼ਤਾਰੀਆਂ ਤੋਂ ਬਾਅਦ ਪੁਲਿਸ ਫੰਡਿੰਗ, ਗੈਂਗਸਟਰ ਕਨੈਕਸ਼ਨ ਅਤੇ ਪੂਰੇ ਮੋਡੀਊਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

