June 23, 2026
#Tricity News

ਚੰਡੀਗੜ੍ਹ ‘ਚ ਸਫ਼ਾਈ ਦੀ ਨਵੀਂ ਮੁਹਿੰਮ ਸ਼ੁਰੂ, ਸੈਕਟਰ-15 ਤੋਂ ‘ਵਾਰਡ-ਵਾਈਜ਼ ਡੀਪ ਕਲੀਨਿੰਗ ਡਰਾਈਵ’ ਦਾ ਆਗਾਜ਼

ਚੰਡੀਗੜ੍ਹ ਨੂੰ ਹੋਰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਵੱਲੋਂ ਇੱਕ ਵਿਸ਼ੇਸ਼ ‘ਵਾਰਡ-ਵਾਈਜ਼ ਡੀਪ ਕਲੀਨਿੰਗ ਡਰਾਈਵ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਰਸਮੀ ਆਗਾਜ਼ ਸੈਕਟਰ-15 ਸਥਿਤ ਕਮਿਊਨਿਟੀ ਸੈਂਟਰ ਤੋਂ ਮੇਅਰ ਸੌਰਭ ਜੋਸ਼ੀ ਵੱਲੋਂ ਕੀਤਾ ਗਿਆ।

ਅਭਿਆਨ ਦੀ ਸ਼ੁਰੂਆਤ ਮੌਕੇ ਮੇਅਰ ਸੌਰਭ ਜੋਸ਼ੀ ਨੇ ਸਫ਼ਾਈ ਕਰਮਚਾਰੀਆਂ ਅਤੇ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਨਾਲ ਜੁੜੇ ਕਰਮਚਾਰੀਆਂ ‘ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਕਾਇਮ ਰੱਖਣ ਵਿੱਚ ਸਫ਼ਾਈ ਕਰਮਚਾਰੀਆਂ ਦੀ ਭੂਮਿਕਾ ਬੇਹੱਦ ਅਹਿਮ ਹੈ ਅਤੇ ਇਹ ਮੁਹਿੰਮ ਉਨ੍ਹਾਂ ਦੀ ਮਿਹਨਤ ਸਦਕਾ ਹੀ ਸਫ਼ਲ ਹੋ ਸਕੇਗੀ।

ਮੇਅਰ ਨੇ ਦੱਸਿਆ ਕਿ ਨਗਰ ਨਿਗਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ‘ਵਾਰਡ-ਵਾਈਜ਼ ਡੀਪ ਕਲੀਨਿੰਗ’ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਤਹਿਤ ਸਫ਼ਾਈ, ਬਾਗਬਾਨੀ ਅਤੇ ਹੋਰ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਹਰ ਵਾਰਡ ਵਿੱਚ ਵਿਸ਼ੇਸ਼ ਸਫ਼ਾਈ ਯਕੀਨੀ ਬਣਾਉਣਗੇ।

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਰਾਹੀਂ ਸ਼ਹਿਰ ਦੀਆਂ ਸੜਕਾਂ, ਗਲੀਆਂ, ਪਾਰਕਾਂ ਅਤੇ ਜਨਤਕ ਥਾਵਾਂ ਦੀ ਡੂੰਘਾਈ ਨਾਲ ਸਫ਼ਾਈ ਕੀਤੀ ਜਾਵੇਗੀ। ਨਗਰ ਨਿਗਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸ਼ਹਿਰ ਦਾ ਕੋਈ ਵੀ ਹਿੱਸਾ ਸਫ਼ਾਈ ਤੋਂ ਵਾਂਝਾ ਨਾ ਰਹੇ ਅਤੇ ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ਨੂੰ ਇੱਕ ਨਵੀਂ ਦਿਸ਼ਾ ਅਤੇ ਰਫ਼ਤਾਰ ਮਿਲੇ।

ਨਗਰ ਨਿਗਮ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਮੁਹਿੰਮ ਨਾ ਸਿਰਫ਼ ਸ਼ਹਿਰ ਦੀ ਦਿੱਖ ਨੂੰ ਨਿਖਾਰੇਗੀ, ਸਗੋਂ ਨਾਗਰਿਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਅਤੇ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕਰੇਗੀ।