ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਦੌਰਾਨ ਸਾਹਮਣੇ ਆਏ ਕਥਿਤ ਨਕਲ ਅਤੇ ਪੇਪਰ ਲੀਕ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸਿਟੀ ਪੁਲਿਸ ਫਰੀਦਕੋਟ ਨੇ ਮਾਮਲੇ ਸਬੰਧੀ ਕੇਸ ਦਰਜ ਕਰਕੇ ਗਰੋਹ ਦੇ 7 ਮੈਂਬਰਾਂ ਸਮੇਤ ਕੁੱਲ 35 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਪੁਲਿਸ ਮੁਤਾਬਕ, ਪ੍ਰੀਖਿਆ ਪਾਸ ਕਰਵਾਉਣ ਦੇ ਨਾਂ ‘ਤੇ ਉਮੀਦਵਾਰਾਂ ਤੋਂ 3 ਲੱਖ ਤੋਂ 13 ਲੱਖ ਰੁਪਏ ਤੱਕ ਵਸੂਲੇ ਗਏ। ਡੀਆਈਜੀ ਫਰੀਦਕੋਟ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਹਾਈਟੈੱਕ ਡਿਵਾਈਸਾਂ ਰਾਹੀਂ ਕਰਵਾਈ ਜਾ ਰਹੀ ਸੀ ਨਕਲ
ਜਾਂਚ ਦੌਰਾਨ ਫਰੀਦਕੋਟ ਅਤੇ ਕੋਟਕਪੂਰਾ ਦੇ ਪ੍ਰੀਖਿਆ ਕੇਂਦਰਾਂ ਵਿੱਚੋਂ ਕਈ ਉਮੀਦਵਾਰਾਂ ਕੋਲੋਂ ਬੇਹੱਦ ਬਰੀਕ ਇਲੈਕਟ੍ਰਾਨਿਕ ਡਿਵਾਈਸ ਬਰਾਮਦ ਕੀਤੇ ਗਏ। ਦੋਸ਼ ਹੈ ਕਿ ਇਨ੍ਹਾਂ ਯੰਤਰਾਂ ਰਾਹੀਂ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਬੈਠੇ ਲੋਕ ਉਮੀਦਵਾਰਾਂ ਨੂੰ ਸਵਾਲਾਂ ਦੇ ਜਵਾਬ ਦੱਸ ਰਹੇ ਸਨ।
ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ 10 ਪ੍ਰੀਖਿਆ ਕੇਂਦਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ, ਜਿੱਥੋਂ ਹੁਣ ਤੱਕ 20 ਵਿਦਿਆਰਥੀਆਂ ਕੋਲੋਂ ਨਕਲ ਲਈ ਵਰਤੇ ਜਾ ਰਹੇ ਹਾਈਟੈੱਕ ਉਪਕਰਨ ਬਰਾਮਦ ਕੀਤੇ ਗਏ ਹਨ।
200 ਤੋਂ ਵੱਧ ਉਮੀਦਵਾਰਾਂ ਤੱਕ ਪਹੁੰਚੇ ਹੋਣ ਦਾ ਖ਼ਦਸ਼ਾ
ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਗਰੋਹ ਨੇ 200 ਤੋਂ ਵੱਧ ਉਮੀਦਵਾਰਾਂ ਨੂੰ ਅਜਿਹੇ ਇਲੈਕਟ੍ਰਾਨਿਕ ਡਿਵਾਈਸ ਮੁਹੱਈਆ ਕਰਵਾਏ ਹੋ ਸਕਦੇ ਹਨ। ਪੁਲਿਸ ਇਸ ਪੂਰੇ ਨੈੱਟਵਰਕ ਅਤੇ ਇਸ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ।
ਇਹ ਪ੍ਰੀਖਿਆ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਕਰਵਾਈ ਜਾ ਰਹੀ ਸੀ, ਜਿਸ ਵਿੱਚ ਕਰੀਬ 40 ਹਜ਼ਾਰ ਉਮੀਦਵਾਰਾਂ ਨੇ ਹਿੱਸਾ ਲਿਆ ਸੀ।
ਜਾਂਚ ਜਾਰੀ
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਹੋਰ ਲੋਕਾਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

