August 12, 2026
#Punjab News

ਪੰਜਾਬ ਦੇ ਸਰਕਾਰੀ ਸਕੂਲਾਂ ਦੇ 11ਵੀਂ-12ਵੀਂ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਸਕੂਲ ਬੈਗ, ਵੰਡ ਦੇ ਹੁਕਮ ਜਾਰੀ

ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੈਸ਼ਨ 2026-27 ਲਈ ਮੁਫ਼ਤ ਸਕੂਲ ਬੈਗ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸਾਰੇ ਸਕੂਲ ਬੈਗ ਤਿਆਰ ਕਰਵਾ ਕੇ ਜ਼ਿਲ੍ਹਾ ਪੱਧਰ ਦੇ ਆਪਣੇ ਖੇਤਰੀ ਦਫ਼ਤਰਾਂ ਅਤੇ ਸਿੱਖਿਆ ਬਲਾਕਾਂ ਵਿੱਚ ਭੇਜ ਦਿੱਤੇ ਹਨ।

ਬੋਰਡ ਨੇ ਸਕੂਲ ਸਿੱਖਿਆ (ਸੈਕੰਡਰੀ) ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਸਕੂਲਾਂ ਤੱਕ ਬੈਗਾਂ ਦੀ ਵੰਡ ਜਲਦ ਤੋਂ ਜਲਦ ਯਕੀਨੀ ਬਣਾਈ ਜਾਵੇ, ਤਾਂ ਜੋ ਵਿਦਿਆਰਥੀਆਂ ਨੂੰ ਇਹ ਸਹੂਲਤ ਸਮੇਂ ਸਿਰ ਮਿਲ ਸਕੇ।

17 ਜੁਲਾਈ ਨੂੰ ਜਾਰੀ ਹੋਇਆ ਪੱਤਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 17 ਜੁਲਾਈ ਨੂੰ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਸਕੂਲਾਂ ਦੇ ਸਾਰੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੈਗ ਤਿਆਰ ਕਰਵਾ ਕੇ ਖੇਤਰੀ ਦਫ਼ਤਰਾਂ ਰਾਹੀਂ ਸਬੰਧਤ ਸਿੱਖਿਆ ਬਲਾਕਾਂ ਤੱਕ ਭੇਜੇ ਜਾ ਚੁੱਕੇ ਹਨ।

ਬੋਰਡ ਨੇ ਇਹ ਵੀ ਕਿਹਾ ਹੈ ਕਿ ਸਕੂਲ ਮੁਖੀ ਆਪਣੇ ਨੇੜਲੇ ਖੇਤਰੀ ਦਫ਼ਤਰਾਂ ਤੋਂ ਬੈਗ ਪ੍ਰਾਪਤ ਕਰਕੇ ਵਿਦਿਆਰਥੀਆਂ ਵਿੱਚ ਬਿਨਾਂ ਕਿਸੇ ਦੇਰੀ ਦੇ ਵੰਡ ਨੂੰ ਯਕੀਨੀ ਬਣਾਉਣ।

ਮੁਫ਼ਤ ਕਿਤਾਬਾਂ ਨਾਲ ਮਿਲਣਗੇ ਬੈਗ ਵੀ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਸ ਵਾਰ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਦੇ ਨਾਲ-ਨਾਲ ਸਕੂਲ ਬੈਗ ਵੀ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਬੋਰਡ ਨੇ ਨਿਰਧਾਰਿਤ ਸਮੇਂ ਅੰਦਰ ਸਾਰੇ ਬੈਗ ਤਿਆਰ ਕਰਕੇ ਆਪਣੇ ਖੇਤਰੀ ਦਫ਼ਤਰਾਂ ਨੂੰ ਭੇਜ ਦਿੱਤੇ ਹਨ ਅਤੇ ਇਸ ਸਬੰਧੀ ਸਾਰੀ ਜਾਣਕਾਰੀ ਸਕੂਲ ਸਿੱਖਿਆ ਵਿਭਾਗ ਨੂੰ ਵੀ ਭੇਜ ਦਿੱਤੀ ਗਈ ਹੈ।