May 12, 2026
#Punjab News

ਹੁਸ਼ਿਆਰਪੁਰ ‘ਚ ਵੱਡੀ ਚੋਰੀ: ਮੁਕੇਰੀਆਂ ਦੇ ਪਿੰਡਾਂ ‘ਚੋਂ ਇੱਕੋ ਰਾਤ 5 ਟਰਾਂਸਫਾਰਮਰ ਗਾਇਬ, ਕਿਸਾਨ ਪਰੇਸ਼ਾਨ

ਹੁਸ਼ਿਆਰਪੁਰ: ਮੁਕੇਰੀਆਂ ਇਲਾਕੇ ਦੇ ਮਹਿਤਪੁਰ ਅਤੇ ਮਨਸੂਰਪੁਰ ਪਿੰਡਾਂ ਵਿੱਚ ਬੀਤੀ ਰਾਤ ਵੱਡੀ ਚੋਰੀ ਦੀ ਘਟਨਾ ਵਾਪਰੀ, ਜਿੱਥੇ ਖੇਤਾਂ ਵਿੱਚ ਲਗੇ ਟਿਊਬਵੈੱਲਾਂ ਦੇ ਪੰਜ ਟਰਾਂਸਫਾਰਮਰ ਚੋਰ ਲੈ ਗਏ। ਇਸ ਘਟਨਾ ਨਾਲ ਕਿਸਾਨਾਂ ਵਿੱਚ ਚਿੰਤਾ ਅਤੇ ਰੋਸ ਦੋਵੇਂ ਵੇਖਣ ਨੂੰ ਮਿਲ ਰਹੇ ਹਨ।

ਕਿਸਾਨ ਨਾਨਕ ਸਿੰਘ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਆਪਣੇ ਖੇਤਾਂ ਵਿੱਚ ਪਹੁੰਚੇ ਤਾਂ ਟਰਾਂਸਫਾਰਮਰ ਬਿਜਲੀ ਦੇ ਖੰਭਿਆਂ ਤੋਂ ਗਾਇਬ ਸਨ। ਨੇੜੇ ਖੋਜ ਕਰਨ ‘ਤੇ ਪਤਾ ਲੱਗਿਆ ਕਿ ਚੋਰਾਂ ਨੇ ਟਰਾਂਸਫਾਰਮਰ ਖੋਲ੍ਹ ਕੇ ਅੰਦਰੋਂ ਤਾਂਬਾ ਅਤੇ ਤੇਲ ਕੱਢ ਲਿਆ ਅਤੇ ਖਾਲੀ ਬਾਹਰੀ ਢਾਂਚਾ ਮੌਕੇ ‘ਤੇ ਹੀ ਛੱਡ ਦਿੱਤਾ।

ਇੱਕੋ ਰਾਤ ਵਿੱਚ ਪੰਜ ਟਰਾਂਸਫਾਰਮਰਾਂ ਦੀ ਚੋਰੀ ਹੋਣ ਨੂੰ ਕਿਸਾਨਾਂ ਨੇ ਗੰਭੀਰ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਨੂੰ ਰੋਕਣ ਵਿੱਚ ਪੁਲਿਸ ਨਾਕਾਮ ਰਹੀ ਹੈ।

ਕਿਸਾਨਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਸ ਗਿਰੋਹ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਖੇਤੀਬਾੜੀ ਲਈ ਲੋੜੀਂਦੀ ਬਿਜਲੀ ਸਹੂਲਤ ਨੂੰ ਤੁਰੰਤ ਬਹਾਲ ਕੀਤਾ ਜਾਵੇ, ਤਾਂ ਜੋ ਉਹਨਾਂ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।