August 12, 2026
#Punjab News

ਹੁਸ਼ਿਆਰਪੁਰ ‘ਚ 27 ਸਾਲਾ ਨੌਜਵਾਨ ਦਾ ਅਗਵਾ ਕਰਕੇ ਕਤਲ, ਸਕਾਰਪੀਓ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਇਲਾਕੇ ਵਿੱਚ ਪੁਰਾਣੀ ਰੰਜਿਸ਼ ਕਾਰਨ 27 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਸ਼ ਹੈ ਕਿ ਸਕਾਰਪੀਓ ਸਵਾਰ ਹਮਲਾਵਰਾਂ ਨੇ ਦਿਨ-ਦਿਹਾੜੇ ਨੌਜਵਾਨ ਨੂੰ ਅਗਵਾ ਕੀਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਸੜਕ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਨੌਜਵਾਨ ਨੇ ਦਮ ਤੋੜ ਦਿੱਤਾ।

ਮ੍ਰਿਤਕ ਦੀ ਪਛਾਣ 27 ਸਾਲਾ ਮਨਜੀਤ ਸਿੰਘ ਉਰਫ਼ ਗੰਨੀ, ਵਾਸੀ ਭਵਾਨੀਪੁਰ ਮਜ਼ਾਰੀ ਵਜੋਂ ਹੋਈ ਹੈ।

ਦਿਨ-ਦਿਹਾੜੇ ਕੀਤਾ ਅਗਵਾ

ਜਾਣਕਾਰੀ ਮੁਤਾਬਕ, ਦੁਪਹਿਰ ਕਰੀਬ 12 ਵਜੇ ਮਨਜੀਤ ਸਿੰਘ ਆਪਣੇ ਦੋਸਤ ਸੂਰਜ ਨਾਲ ਇੱਕ ਪੈਟਰੋਲ ਪੰਪ ਕੋਲ ਖੜ੍ਹਾ ਸੀ। ਇਸ ਦੌਰਾਨ ਚਿੱਟੇ ਰੰਗ ਦੀ ਸਕਾਰਪੀਓ (PB-65-AG-9400) ਵਿੱਚ ਸਵਾਰ ਕਰੀਬ ਛੇ ਹਮਲਾਵਰ ਉੱਥੇ ਪਹੁੰਚੇ। ਦੋਸ਼ ਹੈ ਕਿ ਹਥਿਆਰਾਂ ਨਾਲ ਲੈਸ ਮੁਲਜ਼ਮਾਂ ਨੇ ਮਨਜੀਤ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾਇਆ ਅਤੇ ਝੁੰਗੀਆਂ ਅੱਡੇ ਵੱਲ ਲੈ ਗਏ।

ਦੋ ਘੰਟਿਆਂ ਬਾਅਦ ਸੜਕ ਕਿਨਾਰੇ ਸੁੱਟਿਆ

ਕਰੀਬ ਦੋ ਘੰਟਿਆਂ ਬਾਅਦ ਮੁਲਜ਼ਮ ਮਨਜੀਤ ਨੂੰ ਬੀਨੇਵਾਲ ਮੇਨ ਰੋਡ ਨੇੜੇ ਝੁੰਗੀਆਂ ਅੱਡੇ ਕੋਲ ਗੰਭੀਰ ਜ਼ਖ਼ਮੀ ਹਾਲਤ ਵਿੱਚ ਸੁੱਟ ਕੇ ਫ਼ਰਾਰ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ, ਪਰ ਜ਼ਿਆਦਾ ਖੂਨ ਵਹਿ ਜਾਣ ਕਾਰਨ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ।

ਪੋਸਟਮਾਰਟਮ ਰਿਪੋਰਟ ਤੋਂ ਹੋਵੇਗਾ ਖੁਲਾਸਾ

ਡਾਕਟਰਾਂ ਅਨੁਸਾਰ ਮਨਜੀਤ ਦੇ ਸਿਰ ਦੇ ਖੱਬੇ ਪਾਸੇ ਕੰਨ ਕੋਲ ਕਿਸੇ ਭਾਰੀ ਤੇ ਤੇਜ਼ਧਾਰ ਹਥਿਆਰ ਨਾਲ ਡੂੰਘਾ ਵਾਰ ਕੀਤਾ ਗਿਆ ਸੀ। ਦੋਵੇਂ ਲੱਤਾਂ ‘ਤੇ ਵੀ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ। ਇਲਾਕੇ ਵਿੱਚ ਗੋਲੀ ਮਾਰਨ ਦੀਆਂ ਵੀ ਚਰਚਾਵਾਂ ਹਨ, ਪਰ ਇਸ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ।

ਪੁਰਾਣੀ ਰੰਜਿਸ਼ ਬਣੀ ਕਤਲ ਦੀ ਵਜ੍ਹਾ

ਮੁੱਢਲੀ ਜਾਂਚ ਵਿੱਚ ਇਸ ਕਤਲ ਪਿੱਛੇ ਪੁਰਾਣੀ ਆਪਸੀ ਰੰਜਿਸ਼ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਮ੍ਰਿਤਕ ਪਹਿਲਾਂ ਵੀ ਇੱਕ ਕੁੱਟਮਾਰ ਦੇ ਮਾਮਲੇ ਵਿੱਚ ਨਾਮਜ਼ਦ ਸੀ ਅਤੇ ਹਾਲ ਹੀ ਵਿੱਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਸਕਾਰਪੀਓ ਦੇ ਨੰਬਰ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।