ਜਲੰਧਰ ਪੁਲਿਸ ਨੇ ਸ਼ਾਹਕੋਟ ਨੇੜੇ ਇੱਕ ਐਨਕਾਊਂਟਰ ਦੌਰਾਨ ਬੰਬੀਹਾ ਗੈਂਗ ਨਾਲ ਜੁੜੇ ਸ਼ੂਟਰ ਜੋਧ ਸਿੰਘ ਉਰਫ਼ ਜੋਧਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਮੁਤਾਬਕ ਉਹ ਗੈਂਗਸਟਰ ਲੱਕੀ ਪਟਿਆਲ ਦੇ ਇਸ਼ਾਰਿਆਂ ‘ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਮੋਹਾਲੀ ਤੇ ਮੋਗਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਵਾਂਟੇਡ ਸੀ।
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਸੀਆਈਏ ਸਟਾਫ ਨੇ ਨਾਕਾਬੰਦੀ ਕੀਤੀ ਸੀ। ਰੋਕਣ ਦੀ ਕੋਸ਼ਿਸ਼ ਦੌਰਾਨ ਮੁਲਜ਼ਮ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਸਵੈ-ਰੱਖਿਆ ਵਿੱਚ ਫਾਇਰਿੰਗ ਕੀਤੀ ਅਤੇ ਉਹ ਜ਼ਖ਼ਮੀ ਹੋ ਗਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਜੋਧਾ ਨੇ ਫਰਵਰੀ ਮਹੀਨੇ ਵਿੱਚ ਜਲੰਧਰ ਦੇ ਵਰਦਾਨ ਹਸਪਤਾਲ ‘ਤੇ ਫਾਇਰਿੰਗ ਕੀਤੀ ਸੀ। ਉਸ ਕੋਲੋਂ ਮਿਲਿਆ ਹੈਲਮੈਟ ਅਤੇ ਹਥਿਆਰ ਸੀਸੀਟੀਵੀ ਫੁਟੇਜ ਨਾਲ ਮੇਲ ਖਾਂਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਪਿੱਛੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲੱਕੀ ਪਟਿਆਲ ਅਤੇ ਕੈਨੇਡਾ ਵਿੱਚ ਰਹਿੰਦੇ ਇੱਕ ਵਿਅਕਤੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਤੋਂ ਮਨੀ ਟ੍ਰੇਲ ਅਤੇ ਗੈਂਗ ਦੇ ਹੋਰ ਮੈਂਬਰਾਂ ਬਾਰੇ ਵੀ ਅਹਿਮ ਜਾਣਕਾਰੀ ਮਿਲੀ ਹੈ। ਉਸ ਦੇ ਠੀਕ ਹੋਣ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਪੂਰੇ ਗੈਂਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।
