ਪੰਜਾਬ ਸਰਕਾਰ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਨਹਿਰੀ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ 64 ਕਰੋੜ ਰੁਪਏ ਦੀ ਲਾਗਤ ਨਾਲ ਰਸੂਲਪੁਰ, ਜਾਮਾਰਾਏ, ਪੱਟੀ ਅਤੇ ਡੁਮਨੀਵਾਲਾ ਵੰਡ ਪ੍ਰਣਾਲੀਆਂ ਦੇ ਪੁਨਰ ਨਿਰਮਾਣ, ਨਵੀਨੀਕਰਨ ਅਤੇ ਕੰਕਰੀਟ ਲਾਈਨਿੰਗ ਦੇ ਕੰਮ ਪੂਰੇ ਕਰ ਦਿੱਤੇ ਹਨ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਸ ਨਾਲ ਹਜ਼ਾਰਾਂ ਕਿਸਾਨਾਂ ਨੂੰ ਭਰੋਸੇਯੋਗ ਨਹਿਰੀ ਪਾਣੀ ਮਿਲੇਗਾ।
ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਨਹਿਰਾਂ ਦੀ ਅਸਲ ਸਮਰੱਥਾ ਮੁੜ ਬਹਾਲ ਹੋ ਗਈ ਹੈ ਅਤੇ ਹੁਣ ਟੇਲ ਐਂਡ ਤੱਕ ਵੀ ਲੋੜੀਂਦਾ ਪਾਣੀ ਪਹੁੰਚੇਗਾ। ਪੁਰਾਣੀਆਂ ਨਹਿਰਾਂ ਦੀਆਂ ਖਰਾਬ ਹੋ ਚੁੱਕੀਆਂ ਲਾਈਨਿੰਗਾਂ, ਮੀਂਹ, ਰੁੱਖਾਂ ਦੀਆਂ ਜੜ੍ਹਾਂ ਅਤੇ ਹੋਰ ਕਾਰਨਾਂ ਕਰਕੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਸੀ, ਜਿਸ ਨੂੰ ਹੁਣ ਆਧੁਨਿਕੀਕਰਨ ਰਾਹੀਂ ਸੁਧਾਰਿਆ ਗਿਆ ਹੈ।
ਰਸੂਲਪੁਰ ਵੰਡ ਪ੍ਰਣਾਲੀ ਨਾਲ 38,674 ਏਕੜ, ਜਾਮਾਰਾਏ ਨਾਲ 23,509 ਏਕੜ, ਪੱਟੀ ਨਾਲ 26,898 ਏਕੜ ਅਤੇ ਕਰੀਬ 50 ਸਾਲਾਂ ਤੋਂ ਬੰਦ ਡੁਮਨੀਵਾਲਾ ਪ੍ਰਣਾਲੀ ਮੁੜ ਚਾਲੂ ਹੋਣ ਨਾਲ 8,416 ਏਕੜ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮਿਲੇਗਾ।
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦਾ ਟੀਚਾ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਹੈ, ਤਾਂ ਜੋ ਟਿਊਬਵੈੱਲਾਂ ‘ਤੇ ਨਿਰਭਰਤਾ ਘਟੇ, ਭੂਮੀਗਤ ਪਾਣੀ ਦੀ ਸੰਭਾਲ ਹੋਵੇ ਅਤੇ ਖੇਤੀ ਹੋਰ ਲਾਭਕਾਰੀ ਬਣੇ।

