ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਰਾਹੀਂ ਸੂਬੇ ਦੀਆਂ ਲੱਖਾਂ ਮਹਿਲਾਵਾਂ ਨੂੰ ਹਰ ਮਹੀਨੇ ਮਿਲ ਰਹੀ ਵਿੱਤੀ ਸਹਾਇਤਾ ਉਨ੍ਹਾਂ ਦੇ ਪਰਿਵਾਰਾਂ ਲਈ ਵੱਡਾ ਸਹਾਰਾ ਬਣ ਰਹੀ ਹੈ। ਸਰਕਾਰ ਮੁਤਾਬਕ, 25 ਜੂਨ 2026 ਤੱਕ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਕਰੀਬ 33 ਲੱਖ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਹਾਇਤਾ ਰਾਸ਼ੀ ਸਿੱਧੀ ਟਰਾਂਸਫਰ ਕੀਤੀ ਜਾ ਚੁੱਕੀ ਹੈ, ਜਦਕਿ ਬਾਕੀ ਯੋਗ ਲਾਭਪਾਤਰੀਆਂ ਨੂੰ ਇਹ ਰਕਮ 1 ਅਗਸਤ ਤੋਂ ਮਿਲੇਗੀ। ਹੁਣ ਤੱਕ ਲਗਭਗ 70 ਲੱਖ ਮਹਿਲਾਵਾਂ ਇਸ ਯੋਜਨਾ ਤਹਿਤ ਰਜਿਸਟਰ ਹੋ ਚੁੱਕੀਆਂ ਹਨ।
36 ਤੋਂ 59 ਸਾਲ ਦੀਆਂ ਮਹਿਲਾਵਾਂ ਨੂੰ ਸਭ ਤੋਂ ਵੱਧ ਲਾਭ
ਸਰਕਾਰੀ ਅੰਕੜਿਆਂ ਅਨੁਸਾਰ, ਯੋਜਨਾ ਦੇ 50 ਫੀਸਦੀ ਤੋਂ ਵੱਧ ਲਾਭਪਾਤਰੀ 36 ਤੋਂ 59 ਸਾਲ ਉਮਰ ਵਰਗ ਨਾਲ ਸਬੰਧਤ ਹਨ। ਇਹ ਉਹ ਸਮਾਂ ਹੁੰਦਾ ਹੈ ਜਦੋਂ ਪਰਿਵਾਰਾਂ ‘ਤੇ ਬੱਚਿਆਂ ਦੀ ਪੜ੍ਹਾਈ, ਸਿਹਤ, ਵਿਆਹ, ਕਰਜ਼ੇ ਅਤੇ ਘਰੇਲੂ ਖਰਚਿਆਂ ਦਾ ਸਭ ਤੋਂ ਵੱਧ ਬੋਝ ਹੁੰਦਾ ਹੈ। ਅਜਿਹੇ ਵਿੱਚ ਇਹ ਮਹੀਨਾਵਾਰ ਸਹਾਇਤਾ ਪਰਿਵਾਰਾਂ ਲਈ ਮਹੱਤਵਪੂਰਨ ਸਾਬਤ ਹੋ ਰਹੀ ਹੈ।
ਬੱਚਿਆਂ ਦੀ ਪੜ੍ਹਾਈ ਲਈ ਬਣਿਆ ਸਹਾਰਾ
ਫਾਜ਼ਿਲਕਾ ਦੀ ਰਹਿਣ ਵਾਲੀ ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਨੇ ਮਿਲੀ ਸਹਾਇਤਾ ਨਾਲ ਆਪਣੇ ਪੁੱਤਰ ਦੀ ਸਕੂਲ ਫੀਸ ਭਰੀ ਅਤੇ ਬਾਕੀ ਰਕਮ ਪਰਿਵਾਰ ਦੇ ਖਰਚਿਆਂ ਲਈ ਵਰਤੀ। ਉਨ੍ਹਾਂ ਕਿਹਾ ਕਿ ਘਰੇਲੂ ਮਹਿਲਾ ਹੋਣ ਕਰਕੇ ਉਨ੍ਹਾਂ ਦੀ ਆਪਣੀ ਕੋਈ ਆਮਦਨ ਨਹੀਂ ਸੀ, ਪਰ ਇਸ ਯੋਜਨਾ ਨਾਲ ਉਹ ਵੀ ਪਰਿਵਾਰ ਦੀਆਂ ਜ਼ਰੂਰਤਾਂ ਵਿੱਚ ਹਿੱਸਾ ਪਾ ਰਹੀ ਹੈ।
ਇਲਾਜ ਅਤੇ ਘਰੇਲੂ ਖਰਚਿਆਂ ਵਿੱਚ ਮਿਲੀ ਰਾਹਤ
ਫਿਰੋਜ਼ਪੁਰ ਦੀ ਪਾਛੋ ਨੇ ਦੱਸਿਆ ਕਿ ਪਤੀ ਦੇ ਦੇਹਾਂਤ ਤੋਂ ਬਾਅਦ ਉਹ ਆਰਥਿਕ ਤੰਗੀ ਵਿੱਚ ਜੀਵਨ ਬਤੀਤ ਕਰ ਰਹੀ ਸੀ। ਯੋਜਨਾ ਤਹਿਤ ਮਿਲੀ ਰਕਮ ਨਾਲ ਉਸ ਨੇ ਆਪਣਾ ਇਲਾਜ ਕਰਵਾਇਆ ਅਤੇ ਆਪਣੇ ਪੋਤੇ ਦੀ ਸਕੂਲ ਫੀਸ ਵੀ ਭਰੀ। ਉਨ੍ਹਾਂ ਕਿਹਾ ਕਿ ਇਹ ਸਹਾਇਤਾ ਉਨ੍ਹਾਂ ਲਈ ਵੱਡਾ ਸਹਾਰਾ ਬਣੀ ਹੈ।
ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਮਦਦ
ਸਵੈ-ਸਹਾਇਤਾ ਸਮੂਹ ਨਾਲ ਜੁੜੀ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਇਸ ਰਕਮ ਨਾਲ ਆਪਣੀਆਂ ਐਨਕਾਂ ਬਣਵਾਈਆਂ ਅਤੇ ਸਕੂਟਰ ਲਈ ਪੈਟਰੋਲ ਪਵਾਇਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਹ ਰਕਮ ਆਪਣੇ ਪੁੱਤਰ ਦੀਆਂ ਖੇਡ ਗਤੀਵਿਧੀਆਂ ‘ਤੇ ਖਰਚ ਕਰੇਗੀ।
ਇਸੇ ਤਰ੍ਹਾਂ ਫਾਜ਼ਿਲਕਾ ਦੀ ਪ੍ਰੀਤੀ, ਜੋ ਘਰੇਲੂ ਸਹਾਇਕ ਵਜੋਂ ਕੰਮ ਕਰਦੀ ਹੈ, ਨੇ ਦੱਸਿਆ ਕਿ ਇਸ ਸਹਾਇਤਾ ਨਾਲ ਉਸ ਨੇ ਆਪਣੇ ਦੋਵੇਂ ਬੱਚਿਆਂ ਦੀ ਸਕੂਲ ਫੀਸ ਅਦਾ ਕੀਤੀ, ਜਿਸ ਨਾਲ ਪਰਿਵਾਰ ਦਾ ਵਿੱਤੀ ਬੋਝ ਕਾਫ਼ੀ ਘੱਟ ਹੋਇਆ।
ਮੈਡੀਕਲ ਖਰਚਿਆਂ ਲਈ ਵੀ ਬਣੀ ਮਦਦਗਾਰ
ਵਿਧਵਾ ਬਲਜੀਤ ਕੌਰ ਨੇ ਕਿਹਾ ਕਿ ਇਸ ਮਹੀਨਾਵਾਰ ਸਹਾਇਤਾ ਨਾਲ ਉਹ ਆਪਣੇ ਇਲਾਜ ਦਾ ਖਰਚਾ ਚੁੱਕਣ ਦੇ ਯੋਗ ਹੋਈ ਹੈ। ਪਹਿਲਾਂ ਦਵਾਈਆਂ ਅਤੇ ਇਲਾਜ ਦਾ ਖਰਚਾ ਉਨ੍ਹਾਂ ਲਈ ਮੁਸ਼ਕਲ ਸੀ, ਪਰ ਹੁਣ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।

