ਗੁਰਦੁਆਰਾ ਪੰਜੋਖਰਾ ਸਾਹਿਬ ਨਾਲ ਜੁੜੇ ਵਿਵਾਦ ਅਤੇ ਅੰਬਾਲਾ ਵਿੱਚ ਪੁਲੀਸ ਤੇ ਸਿੱਖ ਭਾਈਚਾਰੇ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਮਾਮਲਾ ਅਜੇ ਵੀ ਗਰਮਾਇਆ ਹੋਇਆ ਹੈ। ਇਸੇ ਦਰਮਿਆਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਪੰਜ ਮੈਂਬਰੀ ਵਫ਼ਦ ਨੇ ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ।
HSGMC ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੁਤਾਬਕ ਮੀਟਿੰਗ ਸਕਾਰਾਤਮਕ ਮਾਹੌਲ ਵਿੱਚ ਹੋਈ। ਵਫ਼ਦ ਨੇ ਮੁੱਖ ਮੰਤਰੀ ਸਾਹਮਣੇ ਅੰਬਾਲਾ ਵਿੱਚ ਵਾਪਰੀ ਘਟਨਾ ’ਤੇ ਆਪਣਾ ਰੋਸ ਜ਼ਾਹਰ ਕਰਦਿਆਂ ਗੁਰਸਿਮਰਨ ਮੰਡ ਖ਼ਿਲਾਫ਼ ਕਾਰਵਾਈ ਕਰਨ, ਸਿੱਖ ਭਾਈਚਾਰੇ ਦੇ ਮੈਂਬਰਾਂ ਵਿਰੁੱਧ ਦਰਜ ਐੱਫਆਈਆਰ ਰੱਦ ਕਰਨ ਅਤੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ।
ਵਫ਼ਦ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਟਕਰਾਅ ਦੀ ਬਜਾਏ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ। ਮੁੱਖ ਮੰਤਰੀ ਵੱਲੋਂ ਵੀ ਮਾਮਲੇ ਦੇ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤੇ ਜਾਣ ਦੀ ਗੱਲ ਕਮੇਟੀ ਆਗੂਆਂ ਨੇ ਕਹੀ ਹੈ। ਉਨ੍ਹਾਂ ਮੁਤਾਬਕ, ਭਾਵੇਂ 25 ਅਗਸਤ ਨੂੰ ਇਕੱਠ ਦਾ ਸੱਦਾ ਦਿੱਤਾ ਗਿਆ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਰਾਹੀਂ ਮਸਲਾ ਸ਼ਾਂਤੀਪੂਰਵਕ ਹੱਲ ਕਰਨ ਦੀ ਕੋਸ਼ਿਸ਼ ਜਾਰੀ ਹੈ।
HSGMC ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਚੁੱਕੇ ਸਵਾਲ
ਦੂਜੇ ਪਾਸੇ HSGMC ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਇਸ ਮੀਟਿੰਗ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਇਸ ਮੁਲਾਕਾਤ ਬਾਰੇ ਕੋਈ ਜਾਣਕਾਰੀ ਜਾਂ ਸੁਨੇਹਾ ਨਹੀਂ ਮਿਲਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ HSGMC ਨੂੰ ਦੋ ਧੜਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।
ਝੀਂਡਾ ਨੇ ਕਿਹਾ ਕਿ ਕਮੇਟੀ ਵੱਲੋਂ ਪਹਿਲਾਂ ਹੀ 25 ਅਗਸਤ ਨੂੰ ਇਕੱਠ ਦਾ ਸੱਦਾ ਦਿੱਤਾ ਜਾ ਚੁੱਕਾ ਹੈ। ਜੇਕਰ ਸਰਕਾਰ ਵੱਲੋਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਗਲਾ ਫ਼ੈਸਲਾ ਸਿੱਖ ਸੰਗਤ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਜਾਵੇਗਾ।
ਅੰਬਾਲਾ ਵਿੱਚ ਪੁਲੀਸ ਪਰਿਵਾਰਾਂ ਅਤੇ ਸੇਵਾ-ਮੁਕਤ ਮੁਲਾਜ਼ਮਾਂ ਦਾ ਪ੍ਰਦਰਸ਼ਨ
ਇਸੇ ਦੌਰਾਨ ਅੰਬਾਲਾ ਵਿੱਚ 13 ਅਗਸਤ ਦੀ ਝੜਪ ਦੌਰਾਨ ਜ਼ਖ਼ਮੀ ਹੋਏ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੇਵਾ-ਮੁਕਤ ਪੁਲੀਸ ਅਧਿਕਾਰੀਆਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਦੱਸਿਆ ਗਿਆ ਹੈ ਕਿ ਟਕਰਾਅ ਦੌਰਾਨ ਡੀਐੱਸਪੀ ਕ੍ਰਾਈਮ ਵੀਰੇਂਦਰ ਸ਼ਰਮਾ ਸਮੇਤ ਕਰੀਬ ਨੌਂ ਪੁਲੀਸ ਕਰਮੀ ਅਤੇ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਸਨ। HSGMC ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਸਮੇਤ ਕੁਝ ਹੋਰ ਲੋਕ ਵੀ ਜ਼ਖ਼ਮੀ ਹੋਏ ਸਨ।
ਹੁਣ ਇੱਕ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਅਤੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰ ਅਤੇ ਸੇਵਾ-ਮੁਕਤ ਅਧਿਕਾਰੀ ਵੀ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਕਾਰਨ ਪੰਜੋਖਰਾ ਸਾਹਿਬ ਅਤੇ ਅੰਬਾਲਾ ਵਿਵਾਦ ਨੂੰ ਲੈ ਕੇ ਤਣਾਅ ਅਜੇ ਵੀ ਬਰਕਰਾਰ ਹੈ।
