ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਨੇ ਖ਼ਰਾਬ 7-ਸੀਟਰ ਸੋਫ਼ਾ ਵੇਚਣ ਦੇ ਮਾਮਲੇ ਵਿੱਚ ਸਤੀਜਾ ਫਰਨੀਚਰ ਮਾਰਟ ਨੂੰ ਗਾਹਕ ਨੂੰ ₹7,000 ਹਰਜ਼ਾਨਾ ਦੇਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸ਼ੋਅਰੂਮ ਮਾਲਕ ਨੂੰ ਸੋਫ਼ੇ ਦੇ ਧੱਸ ਰਹੇ ਕੁਸ਼ਨਾਂ ਅਤੇ ਹੋਰ ਖ਼ਾਮੀਆਂ ਨੂੰ ਵਾਰੰਟੀ ਤਹਿਤ ਮੁਫ਼ਤ ਠੀਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮਾਮਲੇ ਅਨੁਸਾਰ ਚੰਡੀਗੜ੍ਹ ਵਾਸੀ ਸੁਸ਼ੀਲ ਕੁਮਾਰ ਡੰਗਵਾਲ ਨੇ ਦਸੰਬਰ 2021 ਵਿੱਚ ਸੈਕਟਰ-54 ਸਥਿਤ ਸਤੀਜਾ ਫਰਨੀਚਰ ਮਾਰਟ ਤੋਂ ₹25,000 ਵਿੱਚ 7-ਸੀਟਰ L-ਸ਼ੇਪ ਸੋਫ਼ਾ ਖ਼ਰੀਦਿਆ ਸੀ। ਦੁਕਾਨ ਵੱਲੋਂ ਇਸ ’ਤੇ ਇੱਕ ਸਾਲ ਦੀ ਵਾਰੰਟੀ ਦਿੱਤੀ ਗਈ ਸੀ। ਪਰ ਖ਼ਰੀਦ ਤੋਂ ਕੁਝ ਮਹੀਨਿਆਂ ਬਾਅਦ ਹੀ, ਅਪਰੈਲ 2022 ਵਿੱਚ, ਸੋਫ਼ੇ ਦੇ ਕੁਸ਼ਨ ਧੱਸਣ ਲੱਗ ਪਏ ਅਤੇ ਉਸ ਵਿੱਚੋਂ ਆਵਾਜ਼ਾਂ ਵੀ ਆਉਣ ਲੱਗੀਆਂ।
ਗਾਹਕ ਨੇ ਇਸ ਸਬੰਧੀ ਸ਼ੋਅਰੂਮ ਮਾਲਕ ਨੂੰ ਕਈ ਵਾਰ ਫ਼ੋਨ, ਮੈਸੇਜ ਅਤੇ ਤਸਵੀਰਾਂ ਰਾਹੀਂ ਜਾਣਕਾਰੀ ਦਿੱਤੀ। ਇਸ ਦੇ ਬਾਵਜੂਦ ਵਾਰੰਟੀ ਦੀ ਮਿਆਦ ਦੌਰਾਨ ਸਮੱਸਿਆ ਨੂੰ ਠੀਕ ਨਾ ਕੀਤੇ ਜਾਣ ਕਾਰਨ ਗਾਹਕ ਨੇ ਖਪਤਕਾਰ ਕਮਿਸ਼ਨ ਦਾ ਰੁਖ਼ ਕੀਤਾ।
ਸ਼ੋਅਰੂਮ ਮਾਲਕ ਵੱਲੋਂ ਦਲੀਲ ਦਿੱਤੀ ਗਈ ਕਿ ਵਾਰੰਟੀ ਸਿਰਫ਼ ਕੁਸ਼ਨਾਂ ਦੇ ਬੈਠਣ ਜਾਂ Sagging ਤੱਕ ਸੀਮਤ ਸੀ ਅਤੇ ਪੂਰਾ ਸੋਫ਼ਾ ਬਦਲਣ ਦੀ ਕੋਈ ਸ਼ਰਤ ਨਹੀਂ ਸੀ। ਹਾਲਾਂਕਿ ਕਮਿਸ਼ਨ ਨੇ ਗਾਹਕ ਵੱਲੋਂ ਭੇਜੇ ਗਏ ਮੈਸੇਜ ਅਤੇ ਹੋਰ ਰਿਕਾਰਡ ਨੂੰ ਦੇਖਦਿਆਂ ਕਿਹਾ ਕਿ ਦੁਕਾਨਦਾਰ ਨੂੰ ਸਮੱਸਿਆ ਬਾਰੇ ਸਮੇਂ ਸਿਰ ਜਾਣਕਾਰੀ ਦਿੱਤੀ ਗਈ ਸੀ।
ਕਮਿਸ਼ਨ ਨੇ ਹੁਕਮ ਦਿੱਤਾ ਕਿ ਸ਼ੋਅਰੂਮ ਮਾਲਕ ਗਾਹਕ ਦੇ ਘਰ ਜਾ ਕੇ ਸੋਫ਼ੇ ਦੀ ਜਾਂਚ ਕਰੇ ਅਤੇ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਉਸ ਦੀ ਮੁਰੰਮਤ ਕਰੇ। ਜੇਕਰ ਸੋਫ਼ੇ ਨੂੰ ਮੁਰੰਮਤ ਲਈ ਵਰਕਸ਼ਾਪ ਲਿਜਾਣ ਦੀ ਲੋੜ ਪੈਂਦੀ ਹੈ ਤਾਂ ਆਉਣ-ਜਾਣ ਦਾ ਟਰਾਂਸਪੋਰਟ ਖ਼ਰਚਾ ਵੀ ਸ਼ੋਅਰੂਮ ਮਾਲਕ ਨੂੰ ਹੀ ਚੁੱਕਣਾ ਪਵੇਗਾ।
ਇਸ ਤੋਂ ਇਲਾਵਾ ਗਾਹਕ ਨੂੰ ਹੋਈ ਮਾਨਸਿਕ ਪਰੇਸ਼ਾਨੀ ਅਤੇ ਕਾਨੂੰਨੀ ਖ਼ਰਚੇ ਲਈ ਕਮਿਸ਼ਨ ਨੇ ₹7,000 ਦਾ ਹਰਜ਼ਾਨਾ ਦੇਣ ਦਾ ਹੁਕਮ ਸੁਣਾਇਆ ਹੈ।

