August 12, 2026
#Punjab News

Punjab Bus Strike Ends: ਸਰਕਾਰ ਦੇ ਭਰੋਸੇ ਮਗਰੋਂ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕਾਮਿਆਂ ਦੀ ਹੜਤਾਲ ਖ਼ਤਮ

ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੁੱਖ ਮੰਗਾਂ ‘ਤੇ ਕਾਰਵਾਈ ਦਾ ਭਰੋਸਾ ਮਿਲਣ ਤੋਂ ਬਾਅਦ ਆਪਣੀ ਸੂਬਾ ਪੱਧਰੀ ਹੜਤਾਲ ਵਾਪਸ ਲੈ ਲਈ ਹੈ। ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਸਰਕਾਰੀ ਪੱਤਰ ਤੋਂ ਬਾਅਦ ਯੂਨੀਅਨ ਨੇ ਮੁੜ ਡਿਊਟੀ ‘ਤੇ ਪਰਤਣ ਦਾ ਐਲਾਨ ਕੀਤਾ।

ਕਰੀਬ 7,500 ਕਰਮਚਾਰੀ ਐਤਵਾਰ ਅੱਧੀ ਰਾਤ ਤੋਂ ਹੜਤਾਲ ‘ਤੇ ਸਨ, ਜਿਸ ਕਾਰਨ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਲਗਭਗ 2,200 ਬੱਸਾਂ ਪ੍ਰਭਾਵਿਤ ਰਹੀਆਂ ਅਤੇ ਹਜ਼ਾਰਾਂ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰ ਦਾ ਕਹਿਣਾ ਹੈ ਕਿ ਬੱਸ ਸੇਵਾਵਾਂ ਹੁਣ ਹੌਲੀ-ਹੌਲੀ ਮੁੜ ਆਮ ਰੁਟੀਨ ‘ਤੇ ਆ ਜਾਣਗੀਆਂ।

ਹੜਤਾਲ ਖ਼ਤਮ ਕਰਨ ਦਾ ਫ਼ੈਸਲਾ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ, ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਯੂਨੀਅਨ ਆਗੂਆਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਕਈ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ‘ਤੇ ਸਹਿਮਤੀ ਬਣੀ।

ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਪ੍ਰਸਤਾਵ 11 ਅਗਸਤ ਨੂੰ ਹੋਣ ਵਾਲੀ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਮੁੱਖ ਏਜੰਡੇ ਵਜੋਂ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਪਨਬੱਸ ਅਤੇ ਪੀਆਰਟੀਸੀ ਦੇ ਕਰਮਚਾਰੀਆਂ ਨੂੰ ਸਿੱਧੇ ਠੇਕਾ ਪ੍ਰਣਾਲੀ ਹੇਠ ਲਿਆਉਣ ਲਈ ਮਾਨਸੂਨ ਸੈਸ਼ਨ ਦੌਰਾਨ ਆਰਡੀਨੈਂਸ ਜਾਂ ਬਿੱਲ ਲਿਆਂਦਾ ਜਾਣ ਦੀ ਗੱਲ ਵੀ ਕਹੀ ਗਈ ਹੈ।

ਸਰਕਾਰ ਨੇ ਪਿਛਲੇ ਪ੍ਰਦਰਸ਼ਨਾਂ ਦੌਰਾਨ ਦਰਜ ਹੋਈਆਂ ਐੱਫ.ਆਈ.ਆਰਜ਼ ਸਬੰਧੀ ਵੀ ਇੱਕ ਮਹੀਨੇ ਅੰਦਰ ਗ੍ਰਹਿ ਵਿਭਾਗ ਨਾਲ ਮਾਮਲਾ ਵਿਚਾਰ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਬਾਕੀ ਮੰਗਾਂ ‘ਤੇ ਵਿਚਾਰ ਲਈ 14 ਅਗਸਤ ਨੂੰ ਟਰਾਂਸਪੋਰਟ, ਵਿੱਤ ਅਤੇ ਅਮਲਾ ਵਿਭਾਗ ਦੇ ਅਧਿਕਾਰੀਆਂ ਨਾਲ ਅਗਲੀ ਮੀਟਿੰਗ ਤੈਅ ਕੀਤੀ ਗਈ ਹੈ।