ਹਰਿਦੁਆਰ: ਉੱਤਰਾਖੰਡ ਦੇ ਹਰਿਦੁਆਰ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਚੰਡੀਗੜ੍ਹ ਦੇ ਚਾਰ ਨਾਬਾਲਗ ਕਾਂਵੜੀਆਂ ਦੀ ਗੰਗਾ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ। ਲੰਬੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਬਚਾਅ ਟੀਮਾਂ ਨੇ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।
ਪੁਲੀਸ ਅਨੁਸਾਰ ਇਹ ਨੌਜਵਾਨ ਕਾਂਵੜ ਯਾਤਰਾ ਲਈ ਹਰਿਦੁਆਰ ਆਏ ਹੋਏ ਸਨ ਅਤੇ ਗੰਗਾ ਜਲ ਲੈ ਕੇ ਵਾਪਸ ਜਾਣ ਤੋਂ ਪਹਿਲਾਂ ਜਟਵਾੜਾ ਪੁਲ ਨੇੜੇ ਗੰਗਾ ਨਹਿਰ ਵਿੱਚ ਇਸ਼ਨਾਨ ਕਰ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ ਪਾਣੀ ਵਿੱਚ ਡੁੱਬਣ ਲੱਗਾ। ਉਸ ਨੂੰ ਬਚਾਉਣ ਲਈ ਉਸ ਦੇ ਤਿੰਨ ਸਾਥੀਆਂ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ, ਪਰ ਤੇਜ਼ ਧਾਰ ਅਤੇ ਡੂੰਘੇ ਪਾਣੀ ਕਾਰਨ ਚਾਰੇ ਹੀ ਪਾਣੀ ਵਿੱਚ ਸਮਾ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ, SDRF ਅਤੇ ਹੋਰ ਬਚਾਅ ਏਜੰਸੀਆਂ ਨੇ ਸਾਂਝਾ ਸਰਚ ਆਪਰੇਸ਼ਨ ਸ਼ੁਰੂ ਕੀਤਾ। ਕਈ ਘੰਟਿਆਂ ਦੀ ਤਲਾਸ਼ੀ ਮਗਰੋਂ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਬਰਾਮਦ ਕਰ ਲਈਆਂ ਗਈਆਂ।
ਹਰਿਦੁਆਰ ਦੇ ਸਿਟੀ ਪੁਲੀਸ ਕਪਤਾਨ ਅਭੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਘਟਨਾ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਸ਼ਿਵਾਂਸ਼ੂ (16), ਨਿਤੇਸ਼ (17), ਭਰਤ (17) ਵਜੋਂ ਹੋਈ ਹੈ, ਜੋ ਚੰਡੀਗੜ੍ਹ ਦੇ ਸੈਕਟਰ-16 ਦੇ ਵਸਨੀਕ ਸਨ, ਜਦਕਿ ਰੋਹਿਤ ਪ੍ਰਜਾਪਤੀ (18) ਚੰਡੀਗੜ੍ਹ ਦੇ ਸੈਕਟਰ-26 ਦਾ ਰਹਿਣ ਵਾਲਾ ਸੀ।

