August 12, 2026
#Tricity News

Punjab Police Clarification: ਸਾਂਝ ਕੇਂਦਰਾਂ ਵਿੱਚ ਆਧਾਰ ਕਾਰਡ ਪੂਰੀ ਤਰ੍ਹਾਂ ਵੈਧ, ਪੁਲੀਸ ਨੇ ਅਫ਼ਵਾਹਾਂ ਕੀਤੀਆਂ ਖ਼ਾਰਜ

ਚੰਡੀਗੜ੍ਹ: ਪੰਜਾਬ ਪੁਲੀਸ ਨੇ ਸਾਂਝ ਕੇਂਦਰਾਂ ਵਿੱਚ ਆਧਾਰ ਕਾਰਡ ਦੀ ਵੈਧਤਾ ਨੂੰ ਲੈ ਕੇ ਚੱਲ ਰਹੀਆਂ ਭੰਬਲਭੂਸਿਆਂ ‘ਤੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਭਰ ਦੇ ਸਾਰੇ ਸਾਂਝ ਕੇਂਦਰਾਂ ਵਿੱਚ ਆਧਾਰ ਕਾਰਡ ਅਜੇ ਵੀ ਪਛਾਣ ਅਤੇ ਪਤੇ ਦੇ ਸਬੂਤ ਵਜੋਂ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਦਸਤਾਵੇਜ਼ ਹੈ।

ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਕਮਿਊਨਿਟੀ ਅਫੇਅਰਜ਼) ਗੁਰਪ੍ਰੀਤ ਕੌਰ ਦਿਉ ਨੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਆਧਾਰ ਕਾਰਡ ਨੂੰ ਅਵੈਧ ਕਰਾਰ ਦੇਣ ਜਾਂ ਇਸ ਦੀ ਵਰਤੋਂ ਰੋਕਣ ਸਬੰਧੀ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਸਾਲ ਮਾਰਚ ਮਹੀਨੇ ਵਿੱਚ UIDAI ਵੱਲੋਂ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਨੂੰ ਆਧਾਰ ਐਕਟ 2016 ਤਹਿਤ ਪੁਲੀਸ ਸੇਵਾਵਾਂ ਲਈ ਆਧਾਰ ਪ੍ਰਮਾਣੀਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਆਧਾਰ ਪ੍ਰਮਾਣੀਕਰਨ ਦੀ ਤਕਨੀਕੀ ਸੇਵਾ ਨੂੰ ਮਨਜ਼ੂਰੀ ਮਿਲ ਚੁੱਕੀ ਹੈ, ਪਰ ਇਹ ਸੁਵਿਧਾ ਹਾਲੇ ਸ਼ੁਰੂ ਨਹੀਂ ਹੋਈ ਅਤੇ ਜਲਦ ਹੀ ਲੋਕਾਂ ਲਈ ਉਪਲਬਧ ਕਰਵਾਈ ਜਾਵੇਗੀ।

ਪੁਲੀਸ ਮੁਤਾਬਕ ਭਵਿੱਖ ਵਿੱਚ ਆਧਾਰ ਪ੍ਰਮਾਣੀਕਰਨ ਕਿਰਾਏਦਾਰ ਤਸਦੀਕ, ਪਾਸਪੋਰਟ ਵੈਰੀਫਿਕੇਸ਼ਨ, ਅਸਲਾ ਲਾਇਸੈਂਸ, ਕਰਮਚਾਰੀ ਅਤੇ ਘਰੇਲੂ ਮਦਦ ਦੀ ਜਾਂਚ, ਸਰਕਾਰੀ ਕਰਮਚਾਰੀਆਂ ਦੀ ਸੇਵਾ ਤਸਦੀਕ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ, ਗੁੰਮ ਹੋਈਆਂ ਵਸਤੂਆਂ ਦੀ ਰਿਪੋਰਟ, ਲਾਊਡਸਪੀਕਰ ਅਤੇ ਮੇਲਿਆਂ ਲਈ ਐਨਓਸੀ ਅਤੇ ਹੋਰ ਕਈ ਪੁਲੀਸ ਸੇਵਾਵਾਂ ਵਿੱਚ ਵਰਤਿਆ ਜਾਵੇਗਾ।

ਪੰਜਾਬ ਪੁਲੀਸ ਦਾ ਇਹ ਸਪੱਸ਼ਟੀਕਰਨ ਉਸ ਰਿਪੋਰਟ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰੋਪੜ ਦੇ ਕੁਝ ਸਾਂਝ ਕੇਂਦਰਾਂ ਵਿੱਚ ਆਧਾਰ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ ਜਾ ਰਿਹਾ। ਪੁਲੀਸ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀਆਂ ਖ਼ਬਰਾਂ ਦੇ ਬਾਵਜੂਦ ਸੂਬੇ ਦੇ ਸਾਰੇ ਸਾਂਝ ਕੇਂਦਰਾਂ ਵਿੱਚ ਆਧਾਰ ਕਾਰਡ ਪਹਿਲਾਂ ਵਾਂਗ ਹੀ ਵੈਧ ਦਸਤਾਵੇਜ਼ ਹੈ।