ਚੰਡੀਗੜ੍ਹ: ਪੰਜਾਬ ਵਿੱਚ ਖੇਤੀਬਾੜੀ ਨੂੰ ਆਧੁਨਿਕ ਅਤੇ ਲਾਭਕਾਰੀ ਬਣਾਉਣ ਵੱਲ ਵੱਡਾ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਨੀਦਰਲੈਂਡ ਦੇ ਵੱਲਡ ਹੋਰਟੀ ਸੈਂਟਰ (World Horti Center) ਦੀ ਤਰਜ਼ ‘ਤੇ ਪੰਜਾਬ ਵਿੱਚ ਬਾਗਬਾਨੀ ਅਨੁਭਵ ਅਤੇ ਟ੍ਰੇਨਿੰਗ ਸੈਂਟਰ ਸਥਾਪਤ ਕਰੇਗੀ। ਇਹ ਉਪਰਾਲਾ ਫਸਲਾਂ ਦੀ ਵੱਖ-ਵੱਖਤਾ ਨੂੰ ਵਧਾਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਇਜ਼ਾਫ਼ਾ ਕਰਨ ਲਈ ਮਹੱਤਵਪੂਰਨ ਸਾਬਤ ਹੋਵੇਗਾ।
ਨੀਦਰਲੈਂਡ ਦੌਰੇ ਦੌਰਾਨ ਮੁੱਖ ਮੰਤਰੀ ਨੇ ਵੈਸਟਲੈਂਡ ਸਥਿਤ ਵਰਲਡ ਹੋਰਟੀ ਸੈਂਟਰ ਅਤੇ ਵਿਸ਼ਵ ਪ੍ਰਸਿੱਧ ਕਿਊਕਨਹੌਫ ਗਾਰਡਨ ਦਾ ਦੌਰਾ ਕਰਕੇ ਉੱਚ ਤਕਨੀਕੀ ਖੇਤੀ ਮਾਡਲਾਂ, ਗ੍ਰੀਨਹਾਊਸ ਪ੍ਰਣਾਲੀਆਂ ਅਤੇ ਟਿਕਾਊ ਖੇਤੀ ਦੇ ਤਰੀਕਿਆਂ ਦਾ ਅਧਿਐਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਸਤਾਵਿਤ ਸੈਂਟਰ ਰਿਸਰਚ ਸੰਸਥਾਵਾਂ, ਅਕਾਦਮਿਕ ਸੰਗਠਨਾਂ, ਉਦਯੋਗ ਅਤੇ ਸਰਕਾਰ ਨੂੰ ਇਕ ਮੰਚ ‘ਤੇ ਲਿਆਵੇਗਾ, ਜਿਸ ਨਾਲ ਨਵੀਨਤਾ, ਹੁਨਰ ਵਿਕਾਸ ਅਤੇ ਆਧੁਨਿਕ ਖੇਤੀ ਤਕਨੀਕਾਂ ਨੂੰ ਤੇਜ਼ੀ ਨਾਲ ਅਪਣਾਇਆ ਜਾ ਸਕੇਗਾ।
ਉਨ੍ਹਾਂ ਦੱਸਿਆ ਕਿ ਗ੍ਰੀਨਹਾਊਸ ਅਤੇ ਨਿਯੰਤਰਿਤ ਵਾਤਾਵਰਣ ਖੇਤੀ ਪ੍ਰਣਾਲੀਆਂ ਨਾਲ ਪਾਣੀ ਦੀ ਬਚਤ ਹੋਵੇਗੀ, ਪੈਦਾਵਾਰ ਵੱਧੇਗੀ ਅਤੇ ਕੀਟਨਾਸ਼ਕਾਂ ਦੀ ਵਰਤੋਂ ਘਟੇਗੀ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਹ ਮਾਡਲ ਕਿਸਾਨਾਂ ਨੂੰ ਪਾਣੀ ਵੱਧ ਖਪਤ ਵਾਲੀਆਂ ਫਸਲਾਂ ਤੋਂ ਹਟਾ ਕੇ ਵਿਕਲਪੀ ਖੇਤੀ ਵੱਲ ਪ੍ਰੇਰਿਤ ਕਰੇਗਾ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਆਟੋਮੇਸ਼ਨ, ਰੋਬੋਟਿਕਸ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਆਧੁਨਿਕ ਸਿੰਚਾਈ ਪ੍ਰਣਾਲੀਆਂ ਖੇਤੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਇਸ ਦੇ ਨਾਲ ਹੀ ਵਰਖਾ ਜਲ ਸੰਭਾਲ ਅਤੇ ਪਾਣੀ ਦੇ ਦੁਬਾਰਾ ਇਸਤੇਮਾਲ ਵਰਗੀਆਂ ਤਕਨੀਕਾਂ ਨਾਲ ਟਿਕਾਊ ਖੇਤੀ ਨੂੰ ਵਧਾਵਾ ਮਿਲੇਗਾ।
ਉਨ੍ਹਾਂ ਕਿਹਾ ਕਿ ਇਸ ਦੌਰੇ ਨਾਲ ਪੰਜਾਬ ਨੂੰ ਫੁੱਲਾਂ ਦੀ ਖੇਤੀ, ਨਿਰਯਾਤ ਵਧਾਉਣ ਅਤੇ ਖੇਤੀ-ਪਰਯਟਨ ਨੂੰ ਪ੍ਰੋਤਸਾਹਿਤ ਕਰਨ ਲਈ ਨਵੀਆਂ ਸੰਭਾਵਨਾਵਾਂ ਮਿਲਣਗੀਆਂ। ਇਸ ਨਾਲ ਰਾਜ ਨੂੰ ਉੱਚ ਮੁੱਲ ਵਾਲੀ ਅਤੇ ਤਕਨੀਕ ਅਧਾਰਿਤ ਖੇਤੀ ਵੱਲ ਅੱਗੇ ਵਧਣ ਵਿੱਚ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਪੰਜਾਬ ਨੂੰ ਨਿਵੇਸ਼ ਲਈ ਆਕਰਸ਼ਕ ਕੇਂਦਰ ਬਣਾਉਣ ਦੇ ਨਾਲ ਨਾਲ ਲੰਬੇ ਸਮੇਂ ਦੀ ਤਕਨੀਕੀ ਸਾਂਝ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਵੀ ਮਜ਼ਬੂਤ ਕਰੇਗਾ।

