June 26, 2026
#Punjab News

ਪੰਜਾਬ ਵਿਜੀਲੈਂਸ ਰਿਸ਼ਵਤ ਮਾਮਲਾ: ਦੋਸ਼ੀ ਪਿਓ-ਪੁੱਤ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਰਿਸ਼ਵਤ ਮਾਮਲੇ ਵਿੱਚ CBI ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪਿਓ-ਪੁੱਤ ਰਾਘਵ ਗੋਇਲ ਅਤੇ ਵਿਕਾਸ ਗੋਇਲ ਉਰਫ਼ ਵਿੱਕੀ ਗੋਇਲ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੋਵਾਂ ਨੂੰ ਸ਼ੁੱਕਰਵਾਰ ਨੂੰ ਵਿਸ਼ੇਸ਼ CBI ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਇੱਕ ਹੋਰ ਦੋਸ਼ੀ O. P. Rana ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ, ਜਦਕਿ ਚੌਥੇ ਦੋਸ਼ੀ ਅੰਕਿਤ ਨੂੰ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾ ਚੁੱਕਾ ਹੈ।

CBI ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਆਪਣੇ ਆਪ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ Sharad Satya Chauhan ਅਤੇ ਉਨ੍ਹਾਂ ਦੇ ਰੀਡਰ ਓ.ਪੀ. ਰਾਣਾ ਦੇ ਕਰੀਬੀ ਵਜੋਂ ਪੇਸ਼ ਕੀਤਾ ਸੀ। ਦੋਸ਼ ਹੈ ਕਿ ਉਨ੍ਹਾਂ ਨੇ ਸਟੇਟ ਟੈਕਸ ਅਫਸਰ ਅਮਿਤ ਕੁਮਾਰ ਤੋਂ ਵਿਜੀਲੈਂਸ ਵਿੱਚ ਚੱਲ ਰਹੀ ਸ਼ਿਕਾਇਤ ਨੂੰ ਰੱਦ ਕਰਵਾਉਣ ਦੇ ਬਦਲੇ 13 ਲੱਖ ਰੁਪਏ ਅਤੇ ਇੱਕ ਮਹਿੰਗਾ ਮੋਬਾਈਲ ਫੋਨ ਮੰਗਿਆ ਸੀ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਸਟੇਟ ਟੈਕਸ ਅਫਸਰ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ (DA) ਨਾਲ ਜੁੜੀ ਸ਼ਿਕਾਇਤ ਦਰਜ ਕਰਵਾਉਣ ਦੀ ਸਾਜ਼ਿਸ਼ ਵੀ ਰਚੀ ਸੀ। ਸ਼ਿਕਾਇਤ ਨੂੰ ਭਰੋਸੇਯੋਗ ਦਿਖਾਉਣ ਲਈ 29 ਅਪ੍ਰੈਲ ਨੂੰ ਪਿਓ-ਪੁੱਤ ਅਮਿਤ ਕੁਮਾਰ ਨੂੰ ਵਿਜੀਲੈਂਸ ਹੈੱਡਕੁਆਰਟਰ ਲੈ ਕੇ ਗਏ, ਜਿੱਥੇ ਉਨ੍ਹਾਂ ਨੂੰ ਡੀਜੀ ਦਫ਼ਤਰ ਅੰਦਰੋਂ ਇੱਕ ਗੁਪਤ ਜਾਂਚ ਰਿਪੋਰਟ ਵੀ ਦਿਖਾਈ ਗਈ ਸੀ।

ਸਟੇਟ ਟੈਕਸ ਅਫਸਰ ਅਮਿਤ ਕੁਮਾਰ ਨੇ 8 ਮਈ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਕਾਸ ਗੋਇਲ ਅਤੇ ਉਸਦਾ ਪੁੱਤਰ ਰਾਘਵ ਗੋਇਲ ਵਿਜੀਲੈਂਸ ਅਧਿਕਾਰੀਆਂ ਦੇ ਨਾਮ ‘ਤੇ ਬਿਚੌਲੀਆ ਬਣ ਕੇ ਰਿਸ਼ਵਤ ਦੀ ਮੰਗ ਕਰ ਰਹੇ ਸਨ।

ਸ਼ਿਕਾਇਤ ਮਿਲਣ ਤੋਂ ਬਾਅਦ CBI ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫਰਾਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।