ਚੰਡੀਗੜ੍ਹ ਦੇ ਸੈਕਟਰ-35 ਸਥਿਤ ਕਿਸਾਨ ਭਵਨ ਵਿੱਚ ਸ਼ਨੀਵਾਰ ਤੋਂ ਟ੍ਰਿਬਿਊਨ ਐਜੂਕੇਸ਼ਨ ਐਕਸਪੋ-2026 ਦੀ ਸ਼ੁਰੂਆਤ ਹੋ ਗਈ। ਦੋ ਦਿਨਾਂ ਚੱਲਣ ਵਾਲੇ ਇਸ ਐਜੂਕੇਸ਼ਨ ਐਕਸਪੋ ਵਿੱਚ ਦੇਸ਼ ਭਰ ਦੇ ਪ੍ਰਮੁੱਖ ਯੂਨੀਵਰਸਿਟੀਆਂ, ਕਾਲਜਾਂ, ਪ੍ਰੋਫੈਸ਼ਨਲ ਸੰਸਥਾਵਾਂ ਅਤੇ ਸਿੱਖਿਆ ਮਾਹਿਰ ਹਿੱਸਾ ਲੈ ਰਹੇ ਹਨ।
ਇਸ ਐਕਸਪੋ ਦਾ ਮੁੱਖ ਮਕਸਦ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਉੱਚ ਸਿੱਖਿਆ, ਕਰੀਅਰ ਚੋਣਾਂ ਅਤੇ ਨਵੇਂ ਸ਼ੈਖਸ਼ਣਿਕ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਇੱਕ ਹੀ ਮੰਚ ‘ਤੇ ਮੁਹੱਈਆ ਕਰਵਾਉਣਾ ਹੈ।
ਪੰਜਾਬ ਸਰਕਾਰ ਦੀ ਸਿੱਖਿਆ ਸਕੱਤਰ ਸੋਨਾਲੀ ਗਿਰੀ ਨੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਕਸਪੋ ਵਿੱਚ ਇੰਜੀਨੀਅਰਿੰਗ, ਮੈਡੀਕਲ, ਮੈਨੇਜਮੈਂਟ, ਲਾਅ, ਡਿਜ਼ਾਇਨ, ਮੀਡੀਆ, ਆਰਟੀਫੀਸ਼ਲ ਇੰਟੈਲੀਜੈਂਸ, ਸਕਿੱਲ ਡਿਵੈਲਪਮੈਂਟ ਅਤੇ ਵਿਦੇਸ਼ੀ ਸਿੱਖਿਆ ਨਾਲ ਜੁੜੀਆਂ ਸੰਸਥਾਵਾਂ ਆਪਣੇ ਕੋਰਸਾਂ ਅਤੇ ਸੁਵਿਧਾਵਾਂ ਬਾਰੇ ਜਾਣਕਾਰੀ ਦੇ ਰਹੀਆਂ ਹਨ।
ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਮਾਪੇ ਐਕਸਪੋ ਵਿੱਚ ਪਹੁੰਚ ਰਹੇ ਹਨ ਅਤੇ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰਕੇ ਆਪਣੇ ਭਵਿੱਖ ਦੀ ਯੋਜਨਾ ਬਣਾ ਰਹੇ ਹਨ।
ਐਕਸਪੋ ਵਿੱਚ ਸ਼ਾਮਲ ਬੈਂਕਾਂ ਵੱਲੋਂ ਸਿੱਖਿਆ ਲੋਨ ਨਾਲ ਸੰਬੰਧਿਤ ਜਾਣਕਾਰੀ ਅਤੇ ਵਿਕਲਪ ਵੀ ਦਿੱਤੇ ਜਾ ਰਹੇ ਹਨ, ਤਾਂ ਜੋ ਆਰਥਿਕ ਤੌਰ ‘ਤੇ ਲੋੜਵੰਦ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਮਦਦ ਮਿਲ ਸਕੇ।
ਇਸ ਤੋਂ ਇਲਾਵਾ ਕਰੀਅਰ ਕਾਊਂਸਲਿੰਗ ਸੈਸ਼ਨ ਵੀ ਕਰਵਾਏ ਜਾ ਰਹੇ ਹਨ, ਜਿੱਥੇ ਮਾਹਿਰ ਵਿਦਿਆਰਥੀਆਂ ਨੂੰ ਬਦਲਦੇ ਜੌਬ ਮਾਰਕੀਟ, ਨਵੇਂ ਕਰੀਅਰ ਵਿਕਲਪਾਂ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇ ਰਹੇ ਹਨ।
ਦ ਟ੍ਰਿਬਿਊਨ ਵੱਲੋਂ ਕਰਵਾਇਆ ਗਿਆ ਇਹ ਐਕਸਪੋ ਸਿੱਖਿਆ ਜਗਤ, ਉਦਯੋਗ ਅਤੇ ਵਿਦਿਆਰਥੀਆਂ ਵਿਚਕਾਰ ਇੱਕ ਪ੍ਰਭਾਵਸ਼ਾਲੀ ਮੰਚ ਵਜੋਂ ਉਭਰ ਰਿਹਾ ਹੈ।

