June 24, 2026
#Tricity News

ਭਿਆਨਕ ਗਰਮੀ ਤੋਂ ਬਾਅਦ ਬਦਲੇਗਾ ਮੌਸਮ ਦਾ ਮਿਜਾਜ, ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਵਿੱਚ ਰੈੱਡ ਅਲਰਟ ਜਾਰੀ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਿੱਖੀ ਗਰਮੀ ਵਿਚਕਾਰ ਹੁਣ ਮੌਸਮ ਦਾ ਮਿਜਾਜ ਬਦਲਣ ਵਾਲਾ ਹੈ। ਵੀਰਵਾਰ ਸਵੇਰੇ ਤੋਂ ਹੀ ਕਈ ਇਲਾਕਿਆਂ ਵਿੱਚ ਬੱਦਲ ਛਾਏ ਰਹੇ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਭਾਰਤੀ ਮੌਸਮ ਵਿਭਾਗ (IMD) ਨੇ ਆਉਣ ਵਾਲੇ ਦਿਨਾਂ ਲਈ ਮੀਂਹ, ਤੇਜ਼ ਆੰਧੀ, ਗੜੇਮਾਰੀ ਅਤੇ ਤੂਫ਼ਾਨ ਨੂੰ ਲੈ ਕੇ ਆਰੈਂਜ ਅਤੇ ਰੈੱਡ ਅਲਰਟ ਜਾਰੀ ਕੀਤਾ ਹੈ।

ਵੀਰਵਾਰ ਸਵੇਰੇ 9 ਵਜੇ ਤੱਕ ਚੰਡੀਗੜ੍ਹ ਦਾ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇੱਕ ਦਿਨ ਪਹਿਲਾਂ 43.1 ਡਿਗਰੀ ਸੀ। ਮੌਸਮ ਵਿਭਾਗ ਮੁਤਾਬਕ ਦਿਨ ਭਰ ਕਰੀਬ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਦੱਸਿਆ ਕਿ ਰਾਤ ਦੇ ਤਾਪਮਾਨ ਵਿੱਚ ਵਾਧਾ ਤੂਫ਼ਾਨੀ ਅਤੇ ਨਮੀ ਵਾਲੇ ਮੌਸਮ ਦਾ ਸੰਕੇਤ ਹੈ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ ਦੇ ਚਰਖੀ ਦਾਦਰੀ ਵਿੱਚ 30.6 ਡਿਗਰੀ ਅਤੇ ਪੰਜਾਬ ਦੇ ਬਠਿੰਡਾ ਵਿੱਚ 28.3 ਡਿਗਰੀ ਸੈਲਸੀਅਸ ਤਾਪਮਾਨ ਰਿਹਾ।

ਬੁੱਧਵਾਰ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਪੰਜਾਬ ਦੇ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ ਵਿੱਚ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੀ ਪਾਰਾ 43.1 ਡਿਗਰੀ ਤੱਕ ਪਹੁੰਚ ਗਿਆ।

IMD ਦੇ ਖ਼ਾਸ ਬੁਲੇਟਿਨ ਅਨੁਸਾਰ ਸ਼ੁੱਕਰਵਾਰ ਨੂੰ ਮੌਸਮ ਸਭ ਤੋਂ ਵੱਧ ਖਰਾਬ ਰਹਿ ਸਕਦਾ ਹੈ। ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਆੰਧੀ ਚੱਲਣ ਦੀ ਸੰਭਾਵਨਾ ਹੈ, ਜਦਕਿ ਹਵਾ ਦੇ ਝੋਕੇ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੇ ਹਨ। ਗੁਰਦਾਸਪੁਰ, ਪਠਾਨਕੋਟ, ਅੰਬਾਲਾ ਅਤੇ ਯਮੁਨਾਨਗਰ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।