June 24, 2026
#Tricity News

ਚੰਡੀਗੜ੍ਹ ‘ਚ ਸਫਾਈ ਕਰਮਚਾਰੀਆਂ ਦਾ ਲਾਇੰਸ ਕੰਪਨੀ ਖ਼ਿਲਾਫ਼ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ ਚੱਕਾ ਜਾਮ ਦੀ ਚੇਤਾਵਨੀ

ਚੰਡੀਗੜ੍ਹ ਵਿੱਚ ਲਾਇੰਸ ਕੰਪਨੀ ਖ਼ਿਲਾਫ਼ ਸਫਾਈ ਕਰਮਚਾਰੀਆਂ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ। ਵੀਰਵਾਰ ਨੂੰ ਵੱਡੀ ਗਿਣਤੀ ਵਿੱਚ ਸਫਾਈ ਕਰਮਚਾਰੀ ਸੈਕਟਰ-17 ਸਥਿਤ ਐਮਓਐਚ (ਮੈਡੀਕਲ ਆਫ਼ਿਸਰ ਹੈਲਥ) ਦਫ਼ਤਰ ਦੇ ਬਾਹਰ ਇਕੱਠੇ ਹੋਏ ਅਤੇ ਕੰਪਨੀ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਰਮਚਾਰੀਆਂ ਨੇ ਨਾਰੇਬਾਜ਼ੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਚੱਕਾ ਜਾਮ ਕੀਤਾ ਜਾਵੇਗਾ।

ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਰੀਬ 10 ਸਾਲਾਂ ਤੋਂ ਲਾਇੰਸ ਕੰਪਨੀ ਦੇ ਅਧੀਨ ਕੰਮ ਕਰ ਰਹੇ ਹਨ, ਪਰ ਇਸ ਦੌਰਾਨ ਉਨ੍ਹਾਂ ਦਾ ਲਗਾਤਾਰ ਸ਼ੋਸ਼ਣ ਹੋਇਆ ਹੈ। ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਸਮੇਂ ‘ਤੇ ਤਨਖਾਹ ਨਹੀਂ ਦਿੱਤੀ ਜਾਂਦੀ ਅਤੇ ਕੰਮ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਫਾਈ ਕਰਮਚਾਰੀਆਂ ਨੇ ਕਿਹਾ ਕਿ ਉਹ ਹੁਣ ਲਾਇੰਸ ਕੰਪਨੀ ਦੇ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਸਿੱਧੇ ਨਗਰ ਨਿਗਮ ਦੇ ਅਧੀਨ ਕੰਮ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੇ ਉਸ ਫੈਸਲੇ ਦਾ ਸਵਾਗਤ ਕੀਤਾ, ਜਿਸ ਵਿੱਚ ਕਰਮਚਾਰੀਆਂ ਨੂੰ ਨਿਗਮ ਦੇ ਅਧੀਨ ਲਿਆਉਣ ਦੀ ਗੱਲ ਕੀਤੀ ਗਈ ਹੈ।

ਕਰਮਚਾਰੀਆਂ ਦਾ ਦਾਅਵਾ ਹੈ ਕਿ ਕਰੀਬ 970 ਸਫਾਈ ਕਰਮਚਾਰੀ ਕੰਪਨੀ ਦੇ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਕੁਝ ਕਾਂਗਰਸ ਅਤੇ ਭਾਜਪਾ ਪਾਰਸ਼ਦ ਲਾਇੰਸ ਕੰਪਨੀ ਦੇ ਹੱਕ ਵਿੱਚ ਹਨ, ਜਦਕਿ ਕਰਮਚਾਰੀ ਸਿੱਧੇ ਨਗਰ ਨਿਗਮ ਦੇ ਕੰਟਰੋਲ ਹੇਠ ਕੰਮ ਕਰਨ ਦੀ ਮੰਗ ਕਰ ਰਹੇ ਹਨ।

ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਸਾਫ਼ ਕੀਤਾ ਕਿ ਜੇਕਰ ਜਲਦ ਫੈਸਲਾ ਨਾ ਲਿਆ ਗਿਆ ਤਾਂ ਉਹ ਵੱਡਾ ਆੰਦੋਲਨ ਸ਼ੁਰੂ ਕਰਨਗੇ ਅਤੇ ਲੋੜ ਪਈ ਤਾਂ ਸ਼ਹਿਰ ਵਿੱਚ ਚੱਕਾ ਜਾਮ ਵੀ ਕੀਤਾ ਜਾਵੇਗਾ।