June 22, 2026
#Punjab News

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਬਦਲ ਰਹੀਆਂ ਜ਼ਿੰਦਗੀਆਂ, ਨਸ਼ਾ ਛੱਡ ਕੇ ਰੁਜ਼ਗਾਰ ਵੱਲ ਵਧ ਰਹੇ ਨੌਜਵਾਨ

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੁਣ ਸਿਰਫ਼ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤੱਕ ਸੀਮਤ ਨਹੀਂ ਰਹੀ, ਸਗੋਂ ਨਸ਼ਾ ਪ੍ਰਭਾਵਿਤ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਮੁੜ ਸਵਾਰਨ ਦਾ ਇੱਕ ਸਫ਼ਲ ਮਾਡਲ ਬਣਦੀ ਜਾ ਰਹੀ ਹੈ। ਇਲਾਜ ਅਤੇ ਪੁਨਰਵਾਸ ਤੋਂ ਬਾਅਦ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਮੁਹਿੰਮ ਨੌਜਵਾਨਾਂ ਨੂੰ ਨਵੀਂ ਜ਼ਿੰਦਗੀ ਦੀ ਰਾਹ ਵਿਖਾ ਰਹੀ ਹੈ।

ਮਾਰਚ 2025 ਵਿੱਚ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਪੰਜਾਬ ਦੇ ਵੱਖ-ਵੱਖ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ ਵਿੱਚ ਇਲਾਜ ਪੂਰਾ ਕਰ ਚੁੱਕੇ ਕਈ ਲੋਕਾਂ ਨੂੰ ਨੌਕਰੀਆਂ ਅਤੇ ਸਵੈ-ਰੁਜ਼ਗਾਰ ਦੇ ਮੌਕੇ ਮਿਲੇ ਹਨ। ਇਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧਿਆ ਹੈ ਅਤੇ ਉਹ ਮੁੜ ਆਮ ਜ਼ਿੰਦਗੀ ਵੱਲ ਪਰਤ ਰਹੇ ਹਨ।

● ਕਈ ਨੌਜਵਾਨ ਡੀ-ਮਾਰਟ, ਹੋਟਲਾਂ, ਰੈਸਟੋਰੈਂਟਾਂ, ਸ਼ਾਪਿੰਗ ਮਾਲਾਂ, ਬਲਿੰਕਿਟ ਅਤੇ ਹੋਰ ਸੰਸਥਾਵਾਂ ਵਿੱਚ ਕੰਮ ਕਰ ਰਹੇ ਹਨ।
● ਕਈ ਲੋਕ ਸਵੈ-ਰੁਜ਼ਗਾਰ ਰਾਹੀਂ ਆਪਣਾ ਭਵਿੱਖ ਤਿਆਰ ਕਰ ਰਹੇ ਹਨ।
● ਇਲਾਜ ਤੋਂ ਬਾਅਦ ਰੁਜ਼ਗਾਰ ਮਿਲਣ ਨਾਲ ਨਸ਼ੇ ਵੱਲ ਮੁੜ ਵਾਪਸੀ ਦੇ ਖਤਰੇ ਵਿੱਚ ਵੀ ਕਮੀ ਆ ਰਹੀ ਹੈ।

ਦਲਜਿੰਦਰ ਸਿੰਘ (ਬਦਲਿਆ ਹੋਇਆ ਨਾਮ), ਜਿਸ ਨੇ ਫਰਵਰੀ 2026 ਵਿੱਚ ਡੀ-ਮਾਰਟ ਵਿੱਚ ਨੌਕਰੀ ਸ਼ੁਰੂ ਕੀਤੀ, ਨੇ ਦੱਸਿਆ ਕਿ ਨੌਕਰੀ ਨੇ ਉਸ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਭਰੀ ਹੈ। ਉਸ ਮੁਤਾਬਕ ਹਰ ਸਵੇਰ ਉੱਠਣ ਦਾ ਮਕਸਦ ਮਿਲਿਆ ਹੈ ਅਤੇ ਜੀਵਨ ਪ੍ਰਤੀ ਸਕਾਰਾਤਮਕ ਸੋਚ ਵਿਕਸਿਤ ਹੋਈ ਹੈ।

ਇਸੇ ਤਰ੍ਹਾਂ ਪ੍ਰਵੀਣ ਢੱਲ, ਜੋ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀ ਡਿਲੀਵਰੀ ਸੇਵਾ ਨਾਲ ਜੁੜੇ ਹੋਏ ਹਨ, ਕਹਿੰਦੇ ਹਨ ਕਿ ਪੁਨਰਵਾਸ ਨੇ ਉਨ੍ਹਾਂ ਨੂੰ ਜੀਊਣ ਦਾ ਮੌਕਾ ਦਿੱਤਾ, ਜਦਕਿ ਰੁਜ਼ਗਾਰ ਨੇ ਉਨ੍ਹਾਂ ਨੂੰ ਦੁਬਾਰਾ ਜੀਵਨ ਜਿਉਣਾ ਸਿਖਾਇਆ। ਉਹ ਮੰਨਦੇ ਹਨ ਕਿ ਕਮਾਈ ਸ਼ੁਰੂ ਕਰਨ ਨਾਲ ਉਨ੍ਹਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਅਤੇ ਭਵਿੱਖ ਲਈ ਆਤਮਵਿਸ਼ਵਾਸ ਵਧਿਆ ਹੈ।

ਮੁਹਿੰਮ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਵੀ ਹੈ ਕਿ ਇਲਾਜ ਤੋਂ ਬਾਅਦ ਵੀ ਲਾਭਪਾਤਰੀਆਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਜਾਂਦਾ ਹੈ।

● ਜਲੰਧਰ ਨਸ਼ਾ ਮੁਕਤੀ ਕੇਂਦਰ ਵੱਲੋਂ ਨਿਯਮਿਤ ਫਾਲੋਅਪ ਕੀਤਾ ਜਾ ਰਿਹਾ ਹੈ।
● ਸਿਹਤਯਾਬ ਹੋ ਚੁੱਕੇ ਵਿਅਕਤੀਆਂ ਦੀ ਪ੍ਰਗਤੀ ‘ਤੇ ਨਜ਼ਰ ਰੱਖੀ ਜਾਂਦੀ ਹੈ।
● ਮੁੜ ਨਸ਼ੇ ਵੱਲ ਵਾਪਸੀ ਦੇ ਸੰਕੇਤਾਂ ਦੀ ਸਮੇਂ ਸਿਰ ਪਛਾਣ ਕੀਤੀ ਜਾਂਦੀ ਹੈ।
● ਰੁਜ਼ਗਾਰ ਅਤੇ ਪਰਿਵਾਰਕ ਜੀਵਨ ਨਾਲ ਜੁੜਾਅ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।

ਅਮ੍ਰਿਤਸਰ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਦੀ ਕਾਊਂਸਲਰ ਭਾਵਨਾ ਸ਼ਰਮਾ ਨੇ ਕਿਹਾ ਕਿ ਨਸ਼ਾ ਛੱਡਣਾ ਹੀ ਅੰਤਿਮ ਮੰਜ਼ਿਲ ਨਹੀਂ, ਸਗੋਂ ਮਰੀਜ਼ਾਂ ਨੂੰ ਆਪਣੇ ਭਵਿੱਖ ਦੇ ਟੀਚੇ ਨਿਰਧਾਰਤ ਕਰਨ ਅਤੇ ਜੀਵਨ ਨੂੰ ਦੁਬਾਰਾ ਵਿਵਸਥਿਤ ਕਰਨ ਲਈ ਪ੍ਰੇਰਿਤ ਕਰਨਾ ਵੀ ਬਹੁਤ ਜ਼ਰੂਰੀ ਹੈ।

ਜਲੰਧਰ ਨਸ਼ਾ ਮੁਕਤੀ ਕੇਂਦਰ ਦੇ ਨੋਡਲ ਮਨੋਚਿਕਿਤਸਕ ਡਾ. ਅਭੈ ਰਾਜ ਸਿੰਘ ਨੇ ਕਿਹਾ ਕਿ ਰੁਜ਼ਗਾਰ ਅਤੇ ਪੁਨਰਵਾਸ ਨੂੰ ਇੱਕ-ਦੂਜੇ ਨਾਲ ਜੋੜਨਾ ਸਫਲ ਨਸ਼ਾ ਮੁਕਤੀ ਦੀ ਸਭ ਤੋਂ ਵੱਡੀ ਕੁੰਜੀ ਹੈ। ਉਨ੍ਹਾਂ ਮੁਤਾਬਕ ਹਰ ਉਹ ਵਿਅਕਤੀ ਜੋ ਨਸ਼ੇ ਤੋਂ ਬਾਹਰ ਆ ਕੇ ਕੰਮ ‘ਤੇ ਵਾਪਸ ਜਾਂਦਾ ਹੈ, ਉਹ ਨਾ ਸਿਰਫ਼ ਆਪਣੀ ਜਿੱਤ ਦਰਜ ਕਰਦਾ ਹੈ, ਸਗੋਂ ਇੱਕ ਮਜ਼ਬੂਤ ਪਰਿਵਾਰ ਅਤੇ ਸੁਰੱਖਿਅਤ ਸਮਾਜ ਦੀ ਨੀਂਹ ਵੀ ਰੱਖਦਾ ਹੈ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਅਸਰ ਹੁਣ ਸਿਰਫ਼ ਗ੍ਰਿਫ਼ਤਾਰੀਆਂ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਾਲ ਨਹੀਂ, ਸਗੋਂ ਮੁੜ ਸੰਵਰ ਰਹੀਆਂ ਜ਼ਿੰਦਗੀਆਂ, ਰੁਜ਼ਗਾਰ ਦੇ ਮੌਕਿਆਂ ਅਤੇ ਨਸ਼ਾ ਮੁਕਤ ਭਵਿੱਖ ਦੀਆਂ ਕਾਮਯਾਬ ਕਹਾਣੀਆਂ ਨਾਲ ਵੀ ਮਾਪਿਆ ਜਾ ਰਿਹਾ ਹੈ।