ਚੰਡੀਗੜ੍ਹ ਪੁਲਿਸ ਦੇ ਸੈਂਟਰਲ ਡਿਵੀਜ਼ਨ ਦੇ ਥਾਣਾ-11 ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੋਂਡਾ ਐਕਟਿਵਾ ਸਕੂਟਰ ਚੋਰੀ ਕਰਨ ਵਾਲੇ ਇੱਕ ਸ਼ਾਤਿਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਧਨਾਸ ਈਡਬਲਿਊਐਸ ਕਾਲੋਨੀ ਦੇ ਰਹਿਣ ਵਾਲੇ 28 ਸਾਲਾ ਕਾਲੂ ਉਰਫ਼ ਕ੍ਰਿਸ਼ਨ ਵਜੋਂ ਹੋਈ ਹੈ।
ਐਸਐਸਪੀ ਕਨਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸਡੀਪੀਓ ਸੈਂਟਰਲ ਧੀਰਜ ਕੁਮਾਰ ਦੀ ਨਿਗਰਾਨੀ ਹੇਠ ਥਾਣਾ-11 ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਭੁੱਲਰ ਦੀ ਟੀਮ ਨੇ ਮੁਲਜ਼ਮ ਨੂੰ ਸੈਕਟਰ-25 ਸਥਿਤ ਚਿਤਕਾਰਾ ਸਕੂਲ ਮੋੜ ਨੇੜੇ ਧਨਾਸ ਝੀਲ ਕੋਲ ਹਿਮਾਚਲ ਨੰਬਰ ਵਾਲੇ ਇੱਕ ਐਕਟਿਵਾ ਸਕੂਟਰ ਸਮੇਤ ਕਾਬੂ ਕੀਤਾ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਸ ਨੇ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ ਤੋਂ ਕਈ ਐਕਟਿਵਾ ਸਕੂਟਰ ਚੋਰੀ ਕੀਤੇ ਹਨ। ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ‘ਤੇ ਕੁੱਲ 7 ਹੋਂਡਾ ਐਕਟਿਵਾ ਸਕੂਟਰ ਬਰਾਮਦ ਕੀਤੇ ਹਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਚੋਰੀ ਦੌਰਾਨ ਵਾਹਨਾਂ ਦੇ ਲਾਕ ਖੋਲ੍ਹਣ ਲਈ ਸਮਾਰਟ ਡੁਪਲੀਕੇਟ ਚਾਬੀ ਦੀ ਵਰਤੋਂ ਕਰਦਾ ਸੀ। ਉਹ ਚੋਰੀ ਕੀਤੇ ਸਕੂਟਰ ਆਪਣੀ ਆਵਾਜਾਈ ਲਈ ਵਰਤਦਾ ਸੀ ਅਤੇ ਜਿੱਥੇ ਪੈਟਰੋਲ ਖਤਮ ਹੋ ਜਾਂਦਾ, ਉੱਥੇ ਹੀ ਸਕੂਟਰ ਛੱਡ ਕੇ ਫਰਾਰ ਹੋ ਜਾਂਦਾ ਸੀ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਸ ਨੂੰ ਸ਼ਨੀਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

