ਲੁਧਿਆਣਾ: ਵਿਸਾਖੀ ਬੰਪਰ ਲਾਟਰੀ ਵਿੱਚ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ ਦਿੱਲੀ ਦੇ 80 ਸਾਲਾ ਰਿਟਾਇਰਡ ਪੋਸਟਮਾਸਟਰ ਓਮ ਪ੍ਰਕਾਸ਼ ਨੇ 6 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਹ ਲਾਟਰੀ ਉਨ੍ਹਾਂ ਨੇ ਲੁਧਿਆਣਾ ਦੇ ਘੰਟਾ ਘਰ ਸਥਿਤ ਗਾਂਧੀ ਬ੍ਰਦਰਜ਼ ਸਟੋਰ ਤੋਂ 500 ਰੁਪਏ ਵਿੱਚ ਖਰੀਦੀ ਸੀ।
ਜਿੱਤਣ ਵਾਲਾ ਟਿਕਟ ਨੰਬਰ B-ਸੀਰੀਜ਼ 520729 ਰਿਹਾ। ਇਨਾਮ ਜਿੱਤਣ ਤੋਂ ਬਾਅਦ ਓਮ ਪ੍ਰਕਾਸ਼ ਦਾ ਢੋਲ-ਨਗਾੜਿਆਂ ਨਾਲ ਸਵਾਗਤ ਕੀਤਾ ਗਿਆ ਅਤੇ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।
ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਪਿਛਲੇ 30 ਸਾਲਾਂ ਤੋਂ ਲਾਟਰੀ ਖਰੀਦਦੇ ਆ ਰਹੇ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਇੰਨਾ ਵੱਡਾ ਇਨਾਮ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲਾਟਰੀ ਜਿੱਤਣ ਦੀ ਜਾਣਕਾਰੀ ਮੋਬਾਈਲ ਐਪ ਰਾਹੀਂ ਮਿਲੀ ਸੀ।
ਉਨ੍ਹਾਂ ਦੇ ਪੁੱਤਰ ਮਨੋਜ ਨੇ ਦੱਸਿਆ ਕਿ ਓਮ ਪ੍ਰਕਾਸ਼ ਨੂੰ ਪਹਿਲਾਂ ਹੀ ਪੈਨਸ਼ਨ ਮਿਲਦੀ ਹੈ, ਇਸ ਲਈ ਉਹ ਇਸ ਰਕਮ ਨੂੰ ਲੋੜਵੰਦਾਂ ਅਤੇ ਅਨਾਥ ਆਸ਼ਰਮਾਂ ਦੀ ਮਦਦ ਲਈ ਵਰਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਰਕਮ ਪਰਿਵਾਰ ਲਈ ਬਹੁਤ ਵੱਡੀ ਹੈ ਅਤੇ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇਗਾ।
ਓਮ ਪ੍ਰਕਾਸ਼ ਅਕਸਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਲੁਧਿਆਣਾ ਆਉਂਦੇ ਰਹਿੰਦੇ ਹਨ ਅਤੇ ਕਈ ਵਾਰ ਕੋਰੀਅਰ ਰਾਹੀਂ ਵੀ ਲਾਟਰੀ ਟਿਕਟ ਮੰਗਵਾਉਂਦੇ ਸਨ। ਡਰਾਅ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਇਹ ਖੁਸ਼ਖਬਰੀ ਦਿੱਤੀ।
ਫਿਲਹਾਲ ਲਾਟਰੀ ਕਲੇਮ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਉਮੀਦ ਹੈ ਕਿ 10 ਤੋਂ 15 ਦਿਨਾਂ ਵਿੱਚ ਇਨਾਮ ਦੀ ਰਕਮ ਉਨ੍ਹਾਂ ਨੂੰ ਮਿਲ ਜਾਵੇਗੀ।

